The Khalas Tv Blog Punjab ਖਾਕੀ ਵਰਦੀ ਪਾ ਕੇ ਬੇਕਸੂਰਾਂ ਨੂੰ ਲੁੱਟਦੇ ਤੇ ਬਲੈਕਮੇਲ ਕਰਦੇ ਰਹੇ ਹਨ ਇਹ ਮੁਲਾਜ਼ਮ,SIT ਦੀਆਂ ਰਿਪੋਰਟਾਂ ਨੇ ਖੋਲੇ ਭੇਦ
Punjab

ਖਾਕੀ ਵਰਦੀ ਪਾ ਕੇ ਬੇਕਸੂਰਾਂ ਨੂੰ ਲੁੱਟਦੇ ਤੇ ਬਲੈਕਮੇਲ ਕਰਦੇ ਰਹੇ ਹਨ ਇਹ ਮੁਲਾਜ਼ਮ,SIT ਦੀਆਂ ਰਿਪੋਰਟਾਂ ਨੇ ਖੋਲੇ ਭੇਦ

ਚੰਡੀਗੜ੍ਹ : ਅੱਜ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦਾ ਮਾਮਲਾ ਕਾਫੀ ਚਰਚਾ ਵਿੱਚ ਹੈ ਪਰ ਉਸ ਤੋਂ ਵੀ ਵੱਧ ਕੇ ਹੈਰਾਨ-ਪਰੇਸ਼ਾਨ ਕਰ ਦੇਣ ਵਾਲੇ ਹਨ ਇਹਨਾਂ ਰਿਪੋਰਟਾਂ ਵਿੱਚ ਕੀਤੇ ਗਏ ਖੁਲਾਸੇ। ਐਸਆਈਟੀ ਵੱਲੋਂ ਜਾਂਚ ਤੋਂ ਮਗਰੋਂ ਤਿਆਰ ਕੀਤੀਆਂ ਗਈਆਂ ਇਹਨਾਂ ਰਿਪੋਰਟਾਂ ਵਿੱਚ ਸਾਫ਼ ਤੌਰ ‘ਤੇ ਇਹ ਕਿਹਾ ਗਿਆ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ ਆਪਣੇ ਅਹੁਦੇ ਤੇ ਸ਼ਕਤੀਆਂ ਦੀ ਗਲਤ ਵਰਤੋਂ ਕਰ ਨਾ ਸਿਰਫ਼ ਆਮ-ਬੇਕਸੂਰੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਸਗੋਂ ਉਹਨਾਂ ਦੇ ਨਾਂ ਝੂਠੇ ਕੇਸਾਂ ਵਿੱਚ ਫਸਾ ਕੇ ਬਲੈਕਮੇਲ ਕੀਤਾ ਤੇ ਉਹਨਾਂ ਦੇ ਘਰਾਂ ਦਾ ਸਾਮਾਨ ਤੱਕ ਲੁੱਟ ਲਿਆ।

ਹਾਈ ਕੋਰਟ ਵਿੱਚ ਖੁਲੀਆਂ 3 ਰਿਪੋਰਟਾਂ ਵਿੱਚੋਂ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਪੁਲਿਸ ਦਾ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਸ਼ਾ ਤਸਕਰਾਂ ਦੇ ਨਾਲ ਨਾਲ ਭੋਲੇ-ਭਾਲੇ ਲੋਕਾਂ ’ਤੇ ਨਸ਼ਾ ਤਸਕਰੀ ਦੇ ਕੇਸ ਪਾ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਦਾ ਸੀ। ਰਿਪੋਰਟ ਮੁਤਾਬਕ, ਅੰਮ੍ਰਿਤਸਰ ਦੇ ਗੁਰਪ੍ਰਕਾਸ਼ ਸਿੰਘ ਨੂੰ ਉਸ ਨੇ ਨਸ਼ਾ ਤਸਕਰੀ ਦੇ ਕੇਸ ਵਿੱਚ ਫਸਾ ਕੇ ਲੱਖਾਂ ਰੁਪਏ ਵਸੂਲੇ, ਜਦੋਂਕਿ ਉਸ ਕੋਲੋਂ ਕੁੱਝ ਵੀ ਬਰਾਮਦ ਨਹੀਂ ਹੋਇਆ ਸੀ। ਇਸੇ ਤਰ੍ਹਾਂ ਇੰਦਰਜੀਤ ਦੀ ਅਗਵਾਈ ਵਾਲੀ ਟੀਮ ਨੇ ਇੱਕ ਹੋਰ ਕਥਿਤ ਨਸ਼ਾ ਤਸਕਰ ਗੁਰਜੀਤ ਸਿੰਘ ਦੇ ਘਰੋਂ ਫਰਨੀਚਰ ਅਤੇ ਘਰ ਦਾ ਸਾਰਾ ਸਾਮਾਨ ਲੁੱਟ ਲਿਆ।

ਇਸ ਸਬੰਧੀ ਖੁਲਾਸਾ ਪੰਜ ਸਾਲਾਂ ਬਾਅਦ ਹਾਲ ਹੀ ਵਿੱਚ ਜਨਤਕ ਕੀਤੀਆਂ ਤਿੰਨ ਜਾਂਚ ਰਿਪੋਰਟਾਂ ਤੋਂ ਹੋਇਆ ਹੈ। ਪੜਤਾਲ ਮੁਤਾਬਕ ਬੇਦੋਸ਼ੇ ਲੋਕਾਂ ‘ਤੇ ਕੀਤੀਆਂ ਗਈਆਂ ਕਾਰਵਾਈਆਂ ਤੋਂ ਬਾਅਦ ਵਸੂਲੀ ਗਈ ਮੋਟੀ ਰਕਮ ਬਰਖਾਸਤ ਇੰਸਪੈਕਟਰ ਇੰਦਰਜੀਤ ਅਤੇ ਉਸ ਵਰਗੇ ਕਈ ਹੋਰ ਪੁਲੀਸ ਅਧਿਕਾਰੀਆਂ ਲਈ ਉਪਰਲੀ ਕਮਾਈ ਦਾ ਵੱਡਾ ਸਾਧਨ ਸੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜ਼ਿਆਦਾਤਰ ਮਾਮਲੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵੇਲੇ ਦੇ ਹਨ,ਜਦੋਂ ਪੰਜਾਬ ਐੱਨਡੀਪੀਐੱਸ ਐਕਟ ਤਹਿਤ ਦਰਜ ਕੇਸਾਂ ਅਤੇ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਦੇ ਮਾਮਲੇ ਵਿੱਚ ਦੇਸ਼ ਵਿੱਚੋਂ ਮੋਹਰੀ ਸੀ। ਇਹਨਾਂ ਦਿਨਾਂ ਵਿੱਚ  ਪੰਜਾਬ ਵਿੱਚ ਨਸ਼ਾ ਤਸਕਰੀ ਜਾਂ ਕਬਜ਼ਿਆਂ ਦੇ ਮਾਮਲੇ ਵਿੱਚ ਰੋਜ਼ਾਨਾ 35-40 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਅਜਿਹੇ ਕੇਸ ਸ਼ਾਮਲ ਸਨ, ਜਿੱਥੇ ਅਸਲੀਅਤ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਬਾਵਜੂਦ ਕਾਰਵਾਈ ਕਰਨ ਦੀ ਬਜਾਇ ਪੁਲਿਸ ਜਾਂਚ ਵਿੱਚ ਕੁੱਝ ਤਕਨੀਕੀ ਖ਼ਾਮੀਆਂ ਰਾਹੀਂ ਮੁਲਜ਼ਮਾਂ ਦੀ ਕਾਨੂੰਨੀ ਮਦਦ ਕੀਤੀ ਗਈ। ਇੱਕ ਵਾਰ ਨਸ਼ਾ ਤਸਕਰ ਫੜੇ ਜਾਣ ’ਤੇ ਐੱਫਆਈਆਰ ਵਿੱਚ 15-20 ਹੋਰ ਅਣਪਛਾਤੇ ਵਿਅਕਤੀਆਂ ਦੇ ਨਾਮ ਦਰਜ ਕਰ ਦਿੱਤੇ ਜਾਂਦੇ ਤੇ ਬਾਅਦ ਵਿੱਚ ਬੇਕਸੂਰਾਂ ਦੇ ਨਾਂ ਕੇਸ ਵਿੱਚ ਪਾ ਕੇ  ਉਨ੍ਹਾਂ ਕੋਲੋਂ ਪੈਸੇ ਵਸੂਲੇ ਜਾਂਦੇ,ਜੋ ਕਿ ਪੁਲਿਸ ਲਈ ਆਮ ਗੱਲ ਸੀ।

ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਮੁਤਾਬਕ ਉਸ ਵੱਲੋਂ ਐੱਨਡੀਪੀਐੱਸ ਕਾਨੂੰਨ ਤਹਿਤ ਦਰਜ ਉਨ੍ਹਾਂ ਕੇਸਾਂ ਦੇ ਵੇਰਵਿਆਂ ਦੀ ਵੀ ਜਾਂਚ ਕੀਤੀ ਗਈ, ਜੋ ਇੰਸਪੈਕਟਰ ਇੰਦਰਜੀਤ ਦੇ ਸੀਆਈਏ ਤਰਨ ਤਾਰਨ ਦੇ ਕਾਰਜਕਾਲ ਦੌਰਾਨ ਦਰਜ ਕੀਤੇ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ, ‘‘ਲਗਪਗ ਸਾਰੇ ਕੇਸਾਂ ਵਿੱਚ ਐੱਨਡੀਪੀਐੱਸ ਐਕਟ ਤਹਿਤ ਮੁਲਜ਼ਮਾਂ ਦੀ ਮਦਦ ਕਰਨ ਲਈ ਚਲਾਨ ਨਿਰਧਾਰਿਤ ਸਮੇਂ ਤੋਂ ਬਹੁਤ ਦੇਰ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜ਼ਿਆਦਾਤਰ ਕੇਸਾਂ ਦੇ ਮੁਲਜ਼ਮਾਂ ਦੀ ਮਦਦ ਲਈ ਨਮੂਨੇ ਫੋਰੈਂਸਿਕ ਸਾਇੰਸ ਲੈਬਾਰਟਰੀਆਂ (ਐੱਫਐੱਸਐੱਲ) ਵਿੱਚ ਵੀ ਸਮੇਂ ਸਿਰ ਨਹੀਂ ਭੇਜੇ ਗਏ।”

ਜਾਂਚ ਰਿਪੋਰਟ ਦੌਰਾਨ ਐੱਫਆਈਆਰ ਵਿੱਚ ਇਹ ਆਮ ਰੁਝਾਨ ਪਾਇਆ ਗਿਆ, ‘‘ਜਾਂਚ ਦੌਰਾਨ 20 ਤੋਂ ਵੱਧ ਵਿਅਕਤੀਆਂ ਨੂੰ 15 ਵਾਰ ਕਈ ਕੇਸਾਂ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਕੁੱਝ ਬਰਾਮਦ ਵੀ ਨਹੀਂ ਹੋਇਆ। ਬਾਅਦ ਵਿੱਚ ਇੰਸਪੈਕਟਰ (ਬਰਖਾਸਤ) ਇੰਦਰਜੀਤ ਸਿੰਘ ਜਾਂ ਉਸ ਦੇ ਜੂਨੀਅਰਾਂ ਵੱਲੋਂ ਇਸ ਸਬੰਧੀ ਅਦਾਲਤ ਵਿੱਚ ਦਿੱਤੇ ਬਿਆਨ ਮਗਰੋਂ ਕੁੱਝ ਨੂੰ ਛੱਡ ਦਿੱਤਾ ਗਿਆ।” ਇੱਥੋਂ ਤੱਕ ਕਿ ਕਥਿਤ ਨਸ਼ਾ ਤਸਕਰਾਂ ਤੋਂ ਬਰਾਮਦਗੀ ਨੂੰ ਵੀ ਪੂਰੀ ਤਰ੍ਹਾਂ ਨਹੀਂ ਦਿਖਾਇਆ ਗਿਆ।

ਰਿਪੋਰਟ ਵਿੱਚ ਕਥਿਤ ਨਸ਼ਾ ਤਸਕਰ ਗੁਰਜੀਤ ਸਿੰਘ ਦੀ ਵਿਸ਼ੇਸ਼ ਮਿਸਾਲ ਦਿੱਤੀ ਗਈ ਹੈ।ਜਿਸ ਦੀ ਗ੍ਰਿਫਤਾਰੀ 2 ਜੂਨ 2014 ਨੂੰ ਹੋਈ ਸੀ। ਮਗਰੋਂ ਇੰਸਪੈਕਟਰ ਇੰਦਰਜੀਤ ਸਿੰਘ ਨੇ ਆਪਣੀ ਪੁਲੀਸ ਪਾਰਟੀ ਨਾਲ ਉਸ ਦੇ ਘਰ ਰਾਤ ਨੂੰ ਛਾਪਾ ਮਾਰਿਆ ਅਤੇ ਉਸ ਦੇ ਬੈੱਡ ਵਿੱਚੋਂ ਇੱਕ ਵੱਡੀ ਰਕਮ ਬਰਾਮਦ ਕੀਤੀ। ਇੰਸਪੈਕਟਰ ਇੰਦਰਜੀਤ ਸਿੰਘ ਨੇ ਆਪਣੇ ਦੋ ਵਿਅਕਤੀਆਂ ਨੂੰ ਇਸ ਘਰ ਵਿੱਚ ਤਾਇਨਾਤ ਕਰ ਦਿੱਤਾ। ਬਰਾਮਦਗੀ ਸਬੰਧੀ ਐੱਫਆਈਆਰ ਵਿੱਚ ਸਿਰਫ਼ 36 ਲੱਖ ਰੁਪਏ ਦਿਖਾਏ ਗਏ ਜਦੋਂ ਕਿ ਰਕਮ ਜ਼ਿਆਦਾ ਸੀ। ਸੀਆਈਏ ਤਰਨ ਤਾਰਨ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਕੁੱਝ ਦਿਨਾਂ ਮਗਰੋਂ ਗੁਰਜੀਤ ਸਿੰਘ ਦੇ ਘਰ ਮੁੜ ਛਾਪਾ ਮਾਰਿਆ ਅਤੇ ਘਰ ਵਿੱਚੋਂ 14-15 ਤੋਲੇ ਸੋਨੇ ਦੇ ਗਹਿਣੇ, ਫਰਨੀਚਰ, ਦੋ ਏਸੀ, ਐੱਲਈਡੀ (ਐੱਲਜੀ), ਵੀਡੀਓਕੌਨ ਟੀਵੀ, ਅਲਮਾਰੀ, ਵਾਸ਼ਿੰਗ ਮਸ਼ੀਨ, ਡਾਈਨਿੰਗ ਟੇਬਲ, ਚਾਰ ਡਬਲ ਬੈੱਡ, ਸੋਫਾ ਸੈੱਟ, ਇਨਵਰਟਰ, ਮਾਈਕ੍ਰੋਵੇਵ ਅਤੇ ਰਸੋਈ ਦੇ ਬਰਤਨ ਅਤੇ ਕੱਪੜੇ ਚੁੱਕ ਕੇ ਲੈ ਗਏ। ਬਾਅਦ ਵਿੱਚ ਇੰਸਪੈਕਟਰ (ਓਆਰਪੀ) ਇੰਦਰਜੀਤ ਸਿੰਘ ਨੇ ਗੁਰਜੀਤ ਸਿੰਘ ’ਤੇ ਦਬਾਅ ਪਾਇਆ ਕਿ ਉਹ ਆਪਣੀ ਉਪਰੋਕਤ ‘ਕੋਠੀ’ ਇੰਦਰਜੀਤ ਸਿੰਘ ਦੇ ਸਾਥੀ ਸਾਹਿਬ ਸਿੰਘ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਦੇ ਨਾਮ ਕਰਵਾਵੇ। ਡੀਐੱਸਪੀ (ਹੁਣ ਸੇਵਾਮੁਕਤ) ਜਸਵੰਤ ਸਿੰਘ ਦੇ ਬਿਆਨ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ ਕਿ ਕੋਠੀ ਇੰਦਰਜੀਤ ਸਿੰਘ ਦੇ ਗੰਨਮੈਨਾਂ ਦੇ ਕਬਜ਼ੇ ਵਿੱਚ ਰਹੀ। ਇਸ ਕੇਸ ਵਿੱਚ ਇੰਦਰਜੀਤ ਸਿੰਘ ਵੱਲੋਂ ਉਸ ਤੋਂ 35 ਲੱਖ ਰੁਪਏ ਲਏ ਗਏ ਅਤੇ ਉਸ ਦਾ ਚਲਾਨ ਤੈਅ ਸਮੇਂ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਗੁਰਜੀਤ ਜ਼ਮਾਨਤ ’ਤੇ ਬਾਹਰ ਆਇਆ। ਇਸੇ ਮਾਮਲੇ ਵਿੱਚ ਗੁਰਜੀਤ ਸਿੰਘ ਤੋਂ 13 ਕਿਲੋ ਹੈਰੋਇਨ ਅਤੇ ਅਮਨਦੀਪ ਸਿੰਘ (11 ਕਿਲੋ) ਤੋਂ ਇਲਾਵਾ ਉਸ ਦੇ ਕਥਿਤ ਸਾਥੀ ਜਗਜੀਤ ਸਿੰਘ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।  ਹਾਲਾਂਕਿ, ਇਸ ਕੇਸ ਵਿੱਚ 23 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਬਾਕੀ 20 ਵਿਅਕਤੀਆਂ ਕੋਲੋਂ ਬਰਾਮਦਗੀ ਨਹੀਂ ਦਿਖਾਈ ਗਈ।

Exit mobile version