India

ਭਾਰਤੀ ਸਿੰਘ ਤੇ ਪਤੀ ਹਰਸ਼ 4 ਦਸੰਬਰ ਤਕ ਹਿਰਾਸਤ ’ਚ, ਮਹਾਂਰਾਸ਼ਟਰ ਦੇ ਮੰਤਰੀ ਨੇ ਚੁੱਕੇ ਸਵਾਲ- ਜਾਣੋ ਪੂਰਾ ਮਾਮਲਾ

’ਦ ਖ਼ਾਲਸ ਬਿਊਰੋ: ਐਨਸੀਬੀ ਨੇ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਅਤੇ ਦਫ਼ਤਰ ’ਚ ਛਾਪਾ ਮਾਰਿਆ ਸੀ ਜਿੱਥੋਂ 86.5 ਗ੍ਰਾਮ ਗਾਂਜਾ ਬਰਾਮਦ ਹੋਇਆ। ਭਾਰਤੀ ਤੇ ਉਸ ਦੇ ਪਤੀ ਹਰਸ਼ ਲਾਂਬਾਚੀਆ ਨੇ ਗਾਂਜਾ ਲੈਣ ਦੀ ਗੱਲ ਮੰਨੀ ਹੈ ਜਿਸ ਤੋਂ ਬਾਅਦ ਦੋਹਾਂ ਨੂੰ 4 ਦਸੰਬਰ ਤਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਹੋ ਸਕਦੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਮਗਰੋਂ ਮਹਾਂਰਾਸ਼ਟਰ ਦੇ ਇੱਕ ਮੰਤਰੀ ਨੇ ਸਵਾਲ ਉਠਾਏ ਹਨ।

ਉੱਧਰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਕਈ ਬਾਲੀਵੁੱਡ ਸਿਤਾਰਿਆਂ ਤੋਂ ਪੁੱਛ-ਪੜਤਾਲ ਅਤੇ ਗ੍ਰਿਫ਼ਤਾਰੀਆਂ ਵਿਰੁੱਧ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਖ਼ਬਰੀ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਬਿਆਨ ’ਚ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਕਿਹਾ ਹੈ ਕਿ NCB ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਜੋ ਨਸ਼ਾ ਕਰਦੇ ਹਨ। ਉਨ੍ਹਾਂ ਕਿਹਾ, ‘ਇਹ ਲੋਕ ਨਸ਼ਈ ਹਨ, ਜਿਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ’ਚ ਭੇਜਣਾ ਚਾਹੀਦਾ ਹੈ, ਨਾ ਕਿ ਜੇਲ੍ਹ ’ਚ।’

ਉਨ੍ਹਾਂ ਕਿਹਾ ਕਿ ਐਨਸੀਬੀ ਦਾ ਕੰਮ ਨਸ਼ਾ ਤਸਕਰਾਂ ਨੂੰ ਫੜਨਾ ਹੈ ਪਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ, ‘ਕੀ ਐਨਸੀਬੀ ਨਸ਼ਈਆਂ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰਾਂ ਨੂੰ ਬਚਾ ਰਹੀ ਹੈ।’

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਇੱਕ ਦਿਨ ਬਾਅਦ ਅੱਜ ਉਸ ਦੇ ਪਤੀ ਹਰਸ਼ ਲਾਂਬਾਚੀਆ ਨੂੰ ਵੀ ਐਨਸੀਬੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਹਾਂ ਦੀ ਮੈਡੀਕਲ ਜਾਂਚ ਮਗਰੋਂ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਕੀ ਹੈ ਪੂਰਾ ਮਾਮਲਾ

ਨਸ਼ਾ ਤਸਕਰ ਨਾਲ ਪੁੱਛਗਿੱਛ ਦੌਰਾਨ ਇਨ੍ਹਾਂ ਦੋਹਾਂ ਦਾ ਨਾਂਅ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ‘ਚ ਸਥਿਤ ਘਰਾਂ ‘ਚ ਛਾਪੇਮਾਰੀ ਕੀਤੀ ਗਈ। ਐਨਸੀਬੀ ਨੇ ਇਥੋਂ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ।

ਇਸ ਤੋਂ ਪਹਿਲਾਂ ਨਸ਼ਾ ਮਾਮਲੇ ‘ਚ 20 ਨਵੰਬਰ ਨੂੰ ਅਰਜੁਨ ਰਾਮਪਾਲ ਐਨਸੀਬੀ ਦਫ਼ਤਰ ਪਹੁੰਚੇ ਸਨ, ਜਿੱਥੇ ਨਸ਼ੇ ਦੇ ਸਬੰਧ ‘ਚ ਉਸ ਤੋਂ ਘੰਟਿਆਂ ਬੱਧੀ ਪੁੱਛਗਿੱਛ ਕੀਤੀ ਗਈ ਸੀ। ਅਰਜੁਨ ਤੋਂ ਉਨ੍ਹਾਂ ਦੀ ਲਾਈਵ-ਇਨ ਪਾਰਟਨਰ ਗੈਬਰੀਏਲਾ ਡੀਮੇਟਰੀਏਡਜ਼ ਤੋਂ 2 ਦਿਨ ਪਹਿਲਾਂ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਬਾਅਦ ਅਦਾਲਤ ਨੇ ਅਰਜੁਨ ਰਾਮਪਾਲ ਦੇ ਦੋਸਤ ਪਾਲ ਬਾਰਟੇਲ ਨੂੰ 25 ਨਵੰਬਰ ਤਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ।

ਇਸ ਦੇ ਨਾਲ ਹੀ ਸੁਸ਼ਾਂਤ ਦੀ ਮੌਤ ਦੇ ਮਾਮਲੇ ‘ਚ ਨਸ਼ਾ ਐਂਗਲ ਤਲਾਸ਼ਣ ਲਈ ਸ਼ੁਰੂ ਹੋਈ ਐਨਸੀਬੀ ਦੀ ਜਾਂਚ ਲਗਾਤਾਰ ਅੱਗੇ ਵੱਧ ਰਹੀ ਹੈ। ਐਨਸੀਬੀ ਦੇ ਸਾਹਮਣੇ ਹੁਣ ਸਿਰਫ਼ ਸੁਸ਼ਾਂਤ ਕੇਸ ਨਹੀਂ ਹੈ, ਸਗੋਂ ਉਨ੍ਹਾਂ ਨੂੰ ਮੁੰਬਈ ਦੇ ਬਾਲੀਵੁੱਡ ‘ਚ ਕਥਿਤ ਨਸ਼ਾ ਰੈਕੇਟ ਦੀਆਂ ਜੜ੍ਹਾਂ ਵੀ ਲੱਭਣੀਆਂ ਹਨ।

ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਸੁ਼ਸਾਂਤ ਦੀ ਪ੍ਰੇਮਿਕਾ ਅਦਾਕਾਰਾ ਰੀਹਾ ਚੱਕਰਵਰਤੀ, ਉਸ ਦੇ ਭਰਾ ਸ਼ੌਵਿਕ ਅਤੇ ਉਸ ਦੇ ਕੁੱਝ ਮੁਲਾਜ਼ਮਾਂ ਤੋਂ ਵੀ ਪੁੱਛ-ਪੜਤਾਲ ਕੀਤੀ ਸੀ। ਰੀਆ ਅਤੇ ਕੁੱਝ ਹੋਰ ਮੁਲਜ਼ਮ ਇਸ ਵੇਲੇ ਜ਼ਮਾਨਤ ’ਤੇ ਰਿਹਾਅ ਹਨ।