India

ਆਨਲਾਈਨ ਪੈਸੇ ਭੇਜਣ ਵਾਲੇ ਸਾਵਧਾਨ! ਫੰਡ ਟਰਾਂਸਫਰ ਲਈ ਅਗਲੇ ਮਹੀਨੇ ਤੋਂ ਨਵੇਂ ਨਿਯਮ

ਦ ਖ਼ਾਲਸ ਬਿਊਰੋ: ਅੱਜਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ ਹੈ। ਸਭ ਕੁਝ ਆਨਲਾਈਨ ਮਿਲ ਜਾਂਦਾ ਹੈ। ਪੈਸਿਆਂ ਦੇ ਲੈਣ-ਦੇਣ ਵੀ ਜ਼ਿਆਦਾਤਰ ਆਨਲਾਈਨ ਹੋ ਜਾਂਦੇ ਹਨ। ਇਸ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਵੀ ਬੈਂਕਿੰਗ ਸਿਸਟਮ ਨੂੰ ਤੇਜ਼ ਬਣਾਉਣ ਲਈ ਲਗਾਤਾਰ ਨਵੇਂ ਕਦਮ ਚੁੱਕ ਰਿਹਾ ਹੈ। ਆਰਬੀਆਈ ਮੁਤਾਬਕ ਹੁਣ ਅਗਲੇ ਮਹੀਨੇ ਯਾਨੀ ਦਸੰਬਰ ’ਚ ਫ਼ੰਡ ਟਰਾਂਸਫ਼ਰ ਕਰਨ ਵਾਲੀ ਸੇਵਾ RTGS ਦੇ ਨਿਯਮ ’ਚ ਤਬਦੀਲੀ ਕੀਤੀ ਜਾ ਰਹੀ ਹੈ।

ਆਰਬੀਆਈ ਮੁਤਾਬਕ ਦਸੰਬਰ ਤੋਂ RTGS ਸੇਵਾ 24 ਘੰਟੇ ਮੁਹੱਈਆ ਰਹੇਗੀ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਇਸ ਨਾਲ ਭਾਰਤੀ ਵਿੱਤੀ ਬਾਜ਼ਾਰਾਂ ਨੂੰ ਕੌਮਾਂਤਰੀ ਬਾਜ਼ਾਰਾਂ ਨਾਲ ਏਕੀਕ੍ਰਿਤ ਕਰਨ ਦੀਆਂ ਕੋਸ਼ਿਸ਼ਾਂ ’ਚ ਮਦਦ ਮਿਲੇਗੀ। ਆਰਬੀਆਈ ਨੇ ਇਸ ਤੋਂ ਪਹਿਲਾਂ ਦਸੰਬਰ 2019 ’ਚ NEFT ਪ੍ਰਣਾਲੀ (ਨੈਸ਼ਨਲ ਇਲੈਕਟ੍ਰਾਨਿਕ ਫ਼ੰਡ ਟਰਾਂਸਫ਼ਰ ਸਿਸਟਮ) ਨੂੰ 24 ਘੰਟੇ ਲਈ ਖੋਲ੍ਹ ਦਿੱਤਾ ਸੀ।

RTGS ਹੁਣ ਸਿਰਫ਼ ਬੈਂਕਾਂ ਦੇ ਸਾਰੇ ਕੰਮਕਾਜ ਵਾਲੇ ਦਿਨਾਂ ’ਚ (ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ) ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਾ ਰਹਿੰਦਾ ਹੈ। ਆਰਬੀਆਈ ਨੇ ਕਿਹਾ ਹੈ ਕਿ RTGS ਦੇ 24 ਘੰਟੇ ਮੁਹੱਈਆ ਹੋਣ ਨਾਲ ਭਾਰਤੀ ਵਿੱਤੀ ਬਾਜ਼ਾਰ ਨੂੰ ਕੌਮਾਂਤਰੀ ਬਾਜ਼ਾਰ ਨਾਲ ਤਾਲਮੇਲ ’ਚ ਰੱਖਣ ਲਈ ਲਗਾਤਾਰ ਜਾਰੀ ਕੋਸ਼ਿਸ਼ਾਂ ਅਤੇ ਭਾਰਤ ’ਚ ਕੌਮਾਂਤਰੀ ਵਿੱਤੀ ਕੇਂਦਰਾਂ ਦੇ ਵਿਕਾਸ ’ਚ ਵੀ ਮਦਦ ਹੋਵੇਗੀ। ਇਸ ਨਾਲ ਭਾਰਤੀ ਕੰਪਨੀਆਂ ਅਤੇ ਸੰਸਥਾਵਾਂ ਨੂੰ ਭੁਗਤਾਨ ’ਚ ਹੋਰ ਆਸਾਨੀ ਹੋਵੇਗੀ।

ਦੱਸ ਦੇਈਏ ਜੁਲਾਈ 2019 ਤੋਂ ਰਿਜ਼ਰਵ ਬੈਂਕ ਨੇ NEFT ਅਤੇ RTGS ਜ਼ਰੀਏ ਪੈਸਿਆਂ ਦੇ ਲੈਣ-ਦੇਣ ’ਤੇ ਫ਼ੀਸ ਲੈਣਾ ਬੰਦ ਕਰ ਦਿੱਤਾ ਸੀ। ਦੇਸ਼ ਅੰਦਰ ਡਿਜੀਟਲ ਲੈਣ-ਦੇਣ ਨੂੰ ਹੱਲਾਸ਼ੇਰੀ ਦੇਣ ਲਈ ਇਹ ਕਦਮ ਚੁੱਕਿਆ ਗਿਆ। RTGS ਜ਼ਰੀਏ ਵੱਡੀ ਰਕਮ ਦਾ ਤੁਰੰਤ ਟਰਾਂਸਫ਼ਰ ਕੀਤਾ ਜਾਂਦਾ ਹੈ, ਜਦਕਿ NEFT ਦਾ ਪ੍ਰਯੋਗ 2 ਲੱਖ ਤਕ ਦੀ ਰਕਮ ਭੇਜਣ ਲਈ ਕੀਤਾ ਜਾਂਦਾ ਹੈ।