Punjab

ਸ਼ਰਧਾਲੂ ਕੁੜੀ ਤੇ ਪਹਿਰੇਦਾਰ ਦੀ ਗੱਲਬਾਤ ਨੂੰ ਨਾ ਦਿੱਤਾ ਜਾਵੇ ਨਾਕਾਰਾਤਮਕ ਰੂਪ – ਧਾਮੀ

Dhami gave a statement on the issue of Sri Darbar Sahib

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਸ਼ਰਧਾਲੂ ਲੜਕੀ ਅਤੇ ਸੇਵਾਦਾਰ ਦੀ ਗੱਲਬਾਤ ਨੂੰ ਨਾਕਾਰਾਤਮਕ ਤੌਰ ਉੱਤੇ ਪੇਸ਼ ਨਾ ਕਰਨ ਲਈ ਕਿਹਾ ਹੈ। ਧਾਮੀ ਨੇ ਸਪੱਸ਼ਟ ਕੀਤਾ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਵਾਲੇ ਹਰ ਸ਼ਰਧਾਲੂ ਦਾ ਸਤਿਕਾਰ ਕੀਤਾ ਜਾਂਦਾ ਹੈ ਪਰ ਮਰਿਆਦਾ ਦਾ ਪਾਲਣ ਵੀ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ ਕਿ ਇਕ ਸ਼ਰਧਾਲੂ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਕ ਪਹਿਰੇਦਾਰ ਵਿਚਕਾਰ ਹੋਈ ਗੱਲਬਾਤ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਮਹਿਜ ਇਕ ਘਟਨਾ ਨੂੰ ਲੈ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਅਤੇ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮਨਘੜ੍ਹਤ ਅਤੇ ਬੇਬੁਨਿਆਦ ਟਿੱਪਣੀਆਂ ਕਰਨੀਆਂ ਠੀਕ ਨਹੀਂ ਹਨ। ਉਹਨਾਂ ਨੇ ਕਿਹਾ ਕਿ ਹਰਿਮੰਦਰ ਸਾਹਿਬ ਹਰ ਧਰਮ ਦੇ ਲੋਕਾਂ ਦਾ ਸਰਬਸਾਂਝਾ ਅਸਥਾਨ ਹੈ ਅਤੇ ਇਥੇ ਪੁੱਜਣ ਵਾਲੇ ਸ਼ਰਧਾਲੂਆਂ ਦਾ ਸਤਿਕਾਰ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ, “ਕਿਸੇ ਵੀ ਘਟਨਾ ’ਤੇ ਗ਼ਲਤ ਪ੍ਰਾਪੇਗੰਡਾ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਕਾਰਵਾਈ ਹੈ, ਜਿਸ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਆਰੰਭ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਪੁੱਜਣ ਸਮੇਂ ਮਰਯਾਦਾ ਦਾ ਖਿਆਲ ਰੱਖਿਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਦਰਅਸਲ, ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਕੁੜੀ ਤੇ ਇੱਕ ਵਿਅਕਤੀ ਨਾਲ ਇੱਕ ਸੇਵਾਦਾਰ ਬਹਿਸ ਰਿਹਾ ਹੈ ਤੇ ਦਰਬਾਰ ਸਾਹਿਬ ਵਿੱਚ ਉਸ ਨੂੰ ਅੰਦਰ ਜਾਣ ਤੋਂ ਰੋਕ ਰਿਹਾ ਹੈ। ਵੀਡੀਓ ਵਿੱਚ ਸੁਣਾਈ ਦਿੰਦਾ ਹੈ ਕਿ ਸੇਵਾਦਾਰ ਕਹਿੰਦਾ ਹੈ ਕਿ ਇਹ ਇੰਡੀਆ ਨਹੀਂ, ਪੰਜਾਬ ਹੈ। ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਘਟਨਾ ਉੱਤੇ ਦੁੱਖ ਜਾਹਰ ਕੀਤਾ ਹੈ।