‘ਦ ਖ਼ਾਲਸ ਬਿਊਰੋ :- ਦਿੱਲੀ ਵਿਧਾਨ ਸਭਾ ਦੇ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਭਾਜਪਾ ਨੇ ਦੱਬ ਕੇ ਹੰਗਾਮਾ ਕੀਤਾ। ਭਾਜਪਾ ਦੇ ਵਿਧਾਇਕ ਸਪੀਕਰ ਦੇ ਸਾਹਮਣੇ ਆ ਕੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਸਪੀਕਰ ਦੀਆਂ ਸ਼ਾਂਤ ਰਹਿਣ ਦੀਆਂ ਅਪੀਲਾਂ ਨੇ ਜਦੋਂ ਕੰਮ ਨਾ ਕੀਤਾ ਤਾਂ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਮਾਰਸ਼ਲਾਂ ਰਾਹੀਂ ਭਾਜਪਾ ਦੇ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ।

ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਜਾਣ ਬੁੱਝ ਕੇ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾ ਰਹੀ ਹੈ। ਸੰਭਾਵਨਾ ਦੱਸੀ ਜਾ ਰਹੀ ਹੈ ਕਿ ਭਰੋਸੇ ਦੀ ਵੋਟ ਦੇ ਮਤ ’ਤੇ ਚਰਚਾ ਕਰਨ ਤੋਂ ਬਾਅਦ ਕੇਜਰੀਵਾਲ ਸਰਕਾਰ ਨੂੰ ਵੋਟਿੰਗ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।