‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਮੁਲਕ ਭਰ ਵਿੱਚ ਪੈਰ ਪੱਕੇ ਕਰਨ ਅਤੇ ਪੰਜਾਬ ਨੂੰ ਪਲੋਸਣ ਦੇ ਰਾਹ ਤੁਰੀ ਹੋਈ ਹੈ। ਦੂਜੇ ਪਾਸੇ ਸਭ ਤੋਂ ਪੁਰਾਣੀ ਕੌਮੀ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਤੇਜ਼ੀ ਨਾਲ ਪੱਤਣ ਵੱਲ ਜਾ ਰਹੀ ਹੈ। ਆਲ ਇੰਡੀਆ ਕਾਂਗਰਸ ਅਤੇ ਪੰਜਾਬ ਪ੍ਰਦੇਸ਼ ਕਮੇਟੀ ਦੋਵੋਂ ਅੰਦਰੂਨੀ ਕਾਟੋ ਕਲੇਸ਼ ਦਾ ਸ਼ਿਕਾਰ ਹਨ। ਗਾਂਧੀ ਪਰਿਵਾਰ ਨੂੰ ਜੀ23 ਨੇ ਵਖ਼ਤ ਪਾ ਰੱਖਿਆ ਹੈ ਜਦਕਿ ਪੰਜਾਬ ਕਾਂਗਰਸ ਚਿਰਾਂ ਤੋਂ ਖਿੰਡ ਪੁੰਡ ਚੁੱਕੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਵਿੱਚ ਆਲ ਇੰਡੀਆ ਕਾਂਗਰਸ ਕਿਸਾਨ ਵਿੰਗ ਦੇ ਚੇਅਰਮੈਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਪੈਰ ਨਹੀਂ ਲੱਗ ਰਹੇ ਹਨ। ਇਹੋ ਵਜ੍ਹਾ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਤਿੰਨ ਰਾਜਾਂ ਤੱਕ ਸਿਮਟ ਕੇ ਰਹਿ ਗਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਹਾਲ ਦੀ ਘੜੀ ਦੋ ਸੂਬਿਆਂ ਵਿੱਚ ਹੈ ਪਰ ਉਹ ਮੁਲਕ ਨੂੰ ਕਾਂਗਰਸ ਦੇ ਬਦਲ ਵਜੋਂ ਪੇਸ਼ ਕਰਨ ਦੀ ਤਾਕ ਵਿੱਚ ਹੈ। ਕਾਂਗਰਸ ਦੇ ਇਹੋ ਜਿਹੇ ਹਾਲਾਤ ਚੱਲਦੇ ਰਹੇ ਤਾਂ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਵਿੱਚ ਮੁਲਕ ਦੀ ਤਸਵੀਰ ਬਦਲ ਸਕਦੀ ਹੈ। ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਉੱਤੇ ਲਗਾਤਾਰ ਹਮਲੇ ਕਰ ਰਿਹਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਚਾਹੇ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਗਈ ਸੀ ਪਰ ਉਸ ਤੋਂ ਬਾਅਦ ਇਹ ਤਾਣੀ ਲਗਾਤਾਰ ਉਲਝਦੀ ਰਹੀ। ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਦੇ ਵਜ਼ੀਰਾਂ ਨੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਉਲਟਾ ਦਿੱਤੀ ਸੀ। ਉਸ ਤੋਂ ਬਾਅਦ ਕਾਂਗਰਸ ਸੰਭਲਣ ਦੀ ਥਾਂ ਹੋਰ ਖਿੰਡਰ ਪੁੰਡਰ ਗਈ। ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋ ਕੇ ਕਾਂਗਰਸ ਨੂੰ ਇਕ ਮਾਲਾ ਵਿੱਚ ਪਰੋ ਕੇ ਨਹੀਂ ਰੱਖ ਸਕੇ ਜਦਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਨਾਕਾਮਯਾਬ ਰਹੇ। ਉੱਤੋਂ ਭਾਜਪਾ ਨੇ ਕਾਂਗਰਸ ਅੰਦਰ ਜ਼ੋਰ ਸ਼ੋਰ ਦੀ ਸੰਨ ਲਾਉਣੀ ਸ਼ੁਰੂ ਕਰ ਦਿੱਤੀ। ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਕਹਿੰਦੇ ਕਹਾਉਂਦੇ ਕਾਂਗਰਸੀ ਨੇਤਾ ਅਤੇ ਵਜ਼ੀਰ ਲਗਾਤਾਰ ਕਿਰਦੇ ਆ ਰਹੇ ਹਨ। ਇਹੋ ਵਜ੍ਹਾ ਬਣੀ ਕਿ ਕਾਂਗਰਸ ਹਾਕਮ ਧਿਰ ਦੀ ਥਾਂ ਵਿਰੋਧੀ ਬੈਂਚ ਉੱਤੇ ਆ ਬੈਠੀ।


ਸੱਚ ਕਹੀਏ ਤਾਂ ਪੰਜਾਬ ਕਾਂਗਰਸ ਤੋਂ ਲੈ ਕੇ ਆਲ ਇੰਡੀਆ ਕਾਂਗਰਸ ਤੱਕ ਸਭ ਆਪੋ ਆਪਣੇ ਰਾਗ ਅਲਾਪ ਰਹੇ ਹਨ। ਅਨੁਸ਼ਾਨ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਕਾਂਗਰਸ ਸਿਰਫ਼ ਦੇਸ਼ ਦੀ ਸੱਤਾ ਤੋਂ ਹੀ ਦੂਰ ਨਹੀਂ ਹੋਈ, ਸਗੋਂ ਹਾਈਕਮਾਂਡ ਦੀ ਆਪਣੀ ਰੀੜ ਦੀ ਹੱਡੀ ਵੀ ਕਮਜ਼ੋਰ ਪਈ ਹੈ। ਇੰਝ ਲੱਗਦਾ ਹੈ ਕਿ ਜਿਵੇਂ ਕਾਂਗਰਸ ਦੇ ਬਚੇ ਖੁਚੇ ਨੇਤਾਵਾਂ ਨੂੰ ਨਾ ਹਾਈਕਮਾਂਡ ਅਤੇ ਨਾ ਹੀ ਪ੍ਰਦੇਸ਼ ਪ੍ਰਧਾਨਾਂ ਦਾ ਡਰ ਰਿਹਾ ਹੋਵੇ। ਕਾਂਗਰਸ ਵਿੱਚ ਆਏ ਦਿਨ ਨਵੀਂ ਬਗਾਵਤ ਉੱਠ ਰਹੀ ਹੈ ਜਿਸਨੂੰ ਘੱਟੋ ਘੱਟ ਹਾਲ ਦੀ ਘੜੀ ਕੰਟਰੋਲ ਕਰਨਾ ਮੁਸ਼ਕਿਲ ਤਾਂ ਲੱਗ ਹੀ ਰਿਹਾ ਹੈ। ਹੁਣ ਤੱਕ ਹੋਏ ਨੁਕਸਾਨ ਦੀ ਭਰਪਾਈ ਦੀ ਵੀ ਕੋਈ ਉਮੀਦ ਨਹੀਂ ਬਚੀ।


ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਾਂਗਰਸ ਦੇ ਕਥਿਤ ਭ੍ਰਿਸ਼ਟ ਵਜ਼ੀਰਾਂ ਉੱਤੇ ਸ਼ਿਕੰਜਾ ਕੱਸਣ ਨਾਲ ਰਹਿੰਦੀ ਖੂੰਹਦੀ ਬਦਨਾਮੀ ਵੀ ਹੋਈ ਹੈ। ਕਾਂਗਰਸ ਦੇ ਦੋ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਣ ਆਸ਼ੂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੁੱਟਮਾਰ ਦੇ ਦੋਸ਼ਾਂ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ। ਕਾਂਗਰਸ ਦੇ ਇੱਕ ਹੋਰ ਮੰਤਰੀ ਸੰਗਤ ਸਿੰਘ ਗਿਲਜੀਆਂ ਪੁਲਿਸ ਤੋਂ ਡਰਦੇ ਲੁਕਦੇ ਫਿਰਦੇ ਹਨ। ਕਾਂਗਰਸ ਦੇ ਹੋਰ ਕਈ ਮੰਤਰੀਆਂ ਅਤੇ ਉਨ੍ਹਾਂ ਦੇ ਨੇੜੇ ਰਹੇ ਅਫ਼ਸਰਾਂ ਦਾ ਨਾਂ ਭ੍ਰਿਸ਼ਟਾਚਾਰੀਆਂ ਵਿੱਚ ਬੋਲਦਾ ਹੈ। ਦੂਜੇ ਪਾਸੇ ਭਗਵੰਤ ਸਿੰਘ ਮਾਨ ਕਿਸੇ ਨੂੰ ਵੀ ਬਖਸ਼ਣ ਦੇ ਰੌਂਅ ਵਿੱਚ ਨਹੀਂ ਲੱਗਦੇ ਹਨ।


ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਜਿੱਥੇ ਕਾਂਗਰਸ ਲਈ ਨਮੋਸ਼ੀ ਦੀ ਵਜ੍ਹਾ ਬਣੀ ਹੈ, ਉੱਥੇ ਹੀ ਇਸ ਨਾਲ ਇੱਕ ਵਾਰ ਹੋਰ ਪਾਰਟੀ ਵਿੱਚ ਦੁਫਾੜ ਵੀ ਪਿਆ ਹੈ। ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਵੇਲੇ ਕਾਂਗਰਸ ਪਾਰਟੀ ਆਪ ਸਰਕਾਰ ਦੇ ਖਿਲਾਫ਼ ਖੜੀ ਤਾਂ ਹੋਈ ਪਰ ਬਦਨਾਮੀ ਦੇ ਡਰੋਂ ਛੇਤੀ ਗੇਅਰ ਬਦਲ ਲਿਆ ਸੀ। ਹੁਣ ਜਦੋਂ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕਾਂਗਰਸ ਦੇ ਪ੍ਰਧਾਨ ਕਾਫ਼ੀ ਤਲਖੀ ਵਿੱਚ ਲੱਗੇ ਅਤੇ ਉਨ੍ਹਾਂ ਨੇ ਲੁਧਿਆਣਾ ਦੇ ਵਿਜੀਲੈਂਸ ਦਫ਼ਤਰ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ। ਆਲ ਇੰਡੀਆ ਕਾਂਗਰਸ ਕਿਸਾਨ ਵਿੰਗ ਦੇ ਚੇਅਰਮੈਨ ਅਤੇ ਤੇਜ਼ ਤਰਾਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ 27 ਅਗਸਤ ਨੂੰ ਇੱਕ ਟਵੀਟ ਕਰਕੇ ਪ੍ਰਧਾਨ ਰਾਜਾ ਵੜਿੰਗ ਨੂੰ ਆਸ਼ੂ ਦੇ ਹੱਕ ਵਿੱਚ ਡਟਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਤ ਪੰਜਾਬ ਨਾਲ ਜੁੜੇ ਹੋਰ ਅਹਿਮ ਮੁੱਦਿਆਂ ਲਈ ਲੜਾਈ ਲੜਨ ਦੀ ਸਲਾਹ ਦੇ ਦਿੱਤੀ ਸੀ। ਜਿਸ ਉੱਤੇ ਰਾਜਾ ਵੜਿੰਗ ਵੀ ਤਲਖੀ ਵਿੱਚ ਆ ਗਏ। ਉਨ੍ਹਾਂ ਨੇ ਖਹਿਰਾ ਨੂੰ ਬਿਨਾਂ ਮੰਗਿਆਂ ਸਲਾਹ ਨਾ ਦੇਣ ਦੀ ਨਸੀਹਤ ਦੇ ਦਿੱਤੀ। ਉਸੇ ਦਿਨ ਅਨੰਦਪੁਰ ਸਾਹਿਬ ਤੋਂ ਐੱਮਪੀ ਮਨੀਸ਼ ਤਿਵਾੜੀ ਵੱਲੋਂ ਪਾਰਟੀ ਹਾਈਕਮਾਂਡ ਅਤੇ ਜੀ 23 ਬਾਰੇ ਦਿੱਤੇ ਬਿਆਨ ਨੇ ਬਲਦੀ ਉੱਤੇ ਅੱਗ ਦਾ ਕੰਮ ਕੀਤਾ।


ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸੁਖਪਾਲ ਖਹਿਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਨਾਲ ਖਹਿਰਾ ਚਾਹੇ ਵਖ਼ਤੀ ਤੌਰ ਉੱਤੇ ਚੁੱਪ ਕਰ ਜਾਣ ਜਾਂ ਕਾਂਗਰਸੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦਾ ਪਾਠ ਪੜਾ ਦੇਣਗੇ, ਪਰ ਕਾਂਗਰਸ ਦੇ ਪਹਿਲੀ ਕਤਾਰ ਦੇ ਨੇਤਾਵਾਂ ਦੇ ਦਿਲਾਂ ਅੰਦਰਲੀਆਂ ਦੂਰੀਆਂ ਹੋਰ ਵਧਣਗੀਆਂ। ਰਾਜਾ ਵੜਿੰਗ ਵਾਸਤੇ ਚਿਰਾਂ ਤੋਂ ਪੰਜਾਬ ਕਾਂਗਰਸ ਦੀ ਉਲਝੀ ਤਾਣੀ ਪਹਿਲਾਂ ਹੀ ਸਮੇਟਣੀ ਮੁਸ਼ਕਿਲ ਹੋ ਗਈ ਹੈ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਲਮਾਰੀ ਵਿੱਚ ਪਏ 3400 ਕਰੋੜ ਰੁਪਏ ਨੂੰ ਹਵਾ ਲਵਾਉਣ ਦੀ ਸਲਾਹ ਦੇ ਕੇ ਇੱਕ ਨਵਾਂ ਬਖੇੜਾ ਖੜਾ ਕਰ ਦਿੱਤਾ ਹੈ। ਉਨ੍ਹਾਂ ਨੇ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਬੇੜੇ ਵਿੱਚ ਸਵਾਰ ਹੋ ਗਏ ਹਨ।

ਕਾਂਗਰਸ ਪਾਟੋ ਧਾੜ ਦੇ ਜਿਸ ਦੌਰ ਵਿੱਚੋਂ ਦੀ ਲੰਘ ਰਹੀ ਹੈ, ਜੇ ਹਾਲੇ ਵੀ ਇਸਨੂੰ ਸੰਭਾਲਿਆ ਨਾ ਗਿਆ ਤਾਂ ਤੀਲਾ ਤੀਲਾ ਹੋਈ ਪਾਰਟੀ ਨੂੰ ਇਕੱਠਾ ਕਰਨਾ ਮੁਸ਼ਕਿਲ ਹੋਵੇਗਾ। ਉਹ ਵੀ ਉਸ ਸੂਰਤ ਵਿੱਚ ਜਦੋਂ ਭਾਜਪਾ ਤੇ ਆਮ ਆਦਮੀ ਪਾਰਟੀ ਵੀ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਪੂਰਾ ਵਾਹ ਲਾ ਰਹੀਆਂ ਹਨ। ਹਾਲ ਦੀ ਘੜੀ ਕਾਂਗਰਸ ਦੀ ਹਾਲਤ ਤਾਲੋਂ ਘੁੱਥੀ ਡੂੰਮਣੀ, ਗਾਵੇ ਆਲ ਬੇਤਾਲ ਵਾਲੀ ਹੋ ਚੁੱਕੀ ਹੈ।