‘ਦ ਖ਼ਾਲਸ ਬਿਊਰੋ :- ਹੜ੍ਹਾਂ ਵਰਗੇ ਹਾਲਾਤਾਂ ਵਿੱਚ ਘਿਰੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਹੜ੍ਹਾਂ ਕਾਰਨ ਪਾਕਿਸਤਾਨ ਵਿੱਚ ਹਜ਼ਾਰਾਂ ਏਕੜ ਫਸਲ ਅਤੇ ਸਬਜ਼ੀਆਂ ਤਬਾਹ ਹੋ ਗਈਆਂ ਹਨ। ਆਰਥਿਕ, ਰਾਜਨੀਤਿਕ ਸੰਕਟਾਂ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਹੁਣ ਸਬਜ਼ੀਆਂ ਦੇ ਨਵੇਂ ਸੰਕਟ ਦੇ ਨਾਲ ਜੂਝਣਾ ਪੈ ਰਿਹਾ ਹੈ। ਮੁਲਕ ਵਿੱਚ ਸਬਜ਼ੀਆਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗ ਪਏ ਹਨ। ਪਾਕਿਸਤਾਨ ਵਿੱਚ ਟਮਾਟਰ 500 ਰੁਪਏ ਕਿਲੋ ਅਤੇ ਪਿਆਜ਼ 400 ਰੁਪਏ ’ਤੇ ਪਹੁੰਚ ਗਿਆ ਹੈ।

 

ਬਲੋਚਿਸਤਾਨ ਅਤੇ ਸਿੰਧ ਸੂਬਿਆਂ ਵਿਚ ਹੜ੍ਹਾਂ ਦੇ ਹਾਲਾਤ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ, ਜਿਸ ਕਾਰਨ ਪਾਕਿਸਤਾਨ ਵਿਚ ਟਮਾਟਰ ਪੰਜ ਸੌ ਰੁਪਏ ਕਿਲੋ ਤੇ ਪਿਆਜ਼ ਚਾਰ ਸੌ ਰੁਪਏ ਕਿਲੋ ਤੱਕ ਪੁੱਜ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਪਾਕਿਸਤਾਨ ਵਾਹਗਾ ਸਰਹੱਦ ਰਸਤੇ ਭਾਰਤ ਤੋਂ ਟਮਾਟਰ ਮੰਗਵਾਉਣ ’ਤੇ ਵਿਚਾਰ ਕਰ ਰਿਹਾ ਹੈ।

ਅੱਧੇ ਤੋਂ ਵੱਧ ਪਾਕਿਸਤਾਨ ਇਸ ਸਮੇਂ ਹੜ੍ਹਾਂ ਦੀ ਲਪੇਟ ਵਿੱਚ ਹੈ। ਇੱਕ ਜਾਣਕਾਰੀ ਮੁਤਾਬਿਕ ਹੜ੍ਹ ਕਾਰਨ ਹੁਣ ਤੱਕ ਤਿੰਨ ਸੌ ਬੱਚਿਆਂ ਸਮੇਤ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਨਿੱਜੀ ਅਖਬਾਰ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਹੜ੍ਹ ਨਾਲ 3 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਇਸ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ‘ਚ ਸਥਿਤੀ ਸਭ ਤੋਂ ਖਰਾਬ ਹੈ। ਹੁਣ ਤੱਕ ਸਿੰਧ ਵਿੱਚ ਸਭ ਤੋਂ ਵੱਧ 339 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹੜ੍ਹ ਪ੍ਰਭਾਵਿਤ ਸਿੰਧ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਮਦਦ ਲਈ 38 ਅਰਬ ਪਾਕਿਸਤਾਨੀ ਰੁਪਏ ਦੇਣ ਦਾ ਐਲਾਨ ਕੀਤਾ। ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬਲੋਚਿਸਤਾਨ ਦਾ ਦੌਰਾ ਕੀਤਾ।

ਰਿਪੋਰਟਾਂ ਮੁਤਾਬਕ ਪਾਕਿਸਤਾਨ ‘ਚ ਹੜ੍ਹ ਅਤੇ ਭਾਰੀ ਮੀਂਹ ਕਾਰਨ 343 ਬੱਚਿਆਂ ਸਣੇ 982 ਲੋਕਾਂ ਦੀ ਮੌਤ ਹੋ ਗਈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਦੇਸ਼ ਵਿੱਚ 14 ਜੂਨ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਕਰਾਚੀ ਤੋਂ ਲੈ ਕੇ ਪੰਜਾਬ, ਬਲੋਚਿਸਤਾਨ ਤੱਕ ਦੀ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।

ਜਾਣਕਾਰੀ ਮੁਤਾਬਕ ਸਿੰਧ ਸੂਬੇ ਵਿਚ 306 ਲੋਕਾਂ ਦੀ ਮੌਤ ਹੋ ਗਈ। ਬਲੋਚਿਸਤਾਨ ‘ਚ ਹੜ੍ਹ ਕਾਰਨ 234, ਖੈਬਰ ਪਖਤੂਨਖਵਾ ਵਿੱਚ 185 ਮੌਤਾਂ, ਪੰਜਾਬ ਸੂਬੇ ਵਿੱਚ 165, ਪੀਓਕੇ ਵਿੱਚ 37 ਲੋਕਾਂ ਅਤੇ ਗਿਲਗਿਤ ਬਾਲਟਿਸਤਾਨ ਵਿੱਚ 9 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ।

ਪਾਕਿਸਤਾਨ ‘ਚ ਭਾਰਤ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਤੋਂ ਲੈ ਕੇ ਅਫਗਾਨਿਸਤਾਨ ਸਰਹੱਦ ਤੱਕ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਪਾਕਿਸਤਾਨ ਸਰਕਾਰ ਦੇ ਮੁਤਾਬਕ ਪਾਕਿਸਤਾਨ ਵਿੱਚ ਇੰਨਾ ਭਿਆਨਕ ਹੜ੍ਹ ਕਦੇ ਨਹੀਂ ਆਇਆ। ਭਾਰੀ ਮੀਂਹ ਕਾਰਨ ਪਾਕਿਸਤਾਨ ਵਿੱਚ ਨਦੀਆਂ ਓਵਰਫਲੋ ਹੋ ਰਹੀਆਂ ਹਨ। ਦਰਿਆਵਾਂ ਦਾ ਪਾਣੀ ਮੀਲਾਂ ਤੱਕ ਫੈਲ ਕੇ ਬਸਤੀਆਂ ਵਿੱਚੋਂ ਦੀ ਲੰਘ ਰਿਹਾ ਹੈ। ਪੀਓਕੇ, ਪੰਜਾਬ, ਸਿੰਧ, ਬਲੋਚਿਸਤਾਨ, ਅਫਗਾਨਿਸਤਾਨ-ਪਾਕਿਸਤਾਨ ਸਰਹੱਦ, ਸਵਾਤ ਘਾਟੀ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।