Punjab

ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰ ਨੂੰ ਵਿਜੀਲੈਂਸ ਦਾ 10ਵੀਂ ਵਾਰ ਸੰਮਨ, ਅੱਜ ਤੱਕ ਨਹੀਂ ਹੋਏ ਪੇਸ਼

ਚੰਡੀਗੜ੍ਹ :  ਵਿਜੀਲੈਂਸ ਵਿਭਾਗ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਇੱਕ ਵਾਰ ਫ਼ਿਰ ਤੋਂ ਸਮਨ ਭੇਜਿਆ ਹੈ। ਇਸ ਤੋਂ ਪਹਿਲਾਂ ਵੀ ਵਿਭਾਗ 9 ਵਾਰ ਚਾਹਲ ਨੂੰ ਸਮਨ ਭੇਜ ਚੁੱਕਾ ਹੈ ਪਰ ਉਹ ਹਾਲੇ ਤੱਕ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਹਨ।

ਭਰਤ ਇੰਦਰ ਸਿੰਘ ਨੇ ਵਿਜੀਲੈਂਸ ਵੱਲੋਂ ਚੱਲ ਰਹੀ ਜਾਂਚ ਸਬੰਧੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਮਾਣਯੋਗ ਵਧੀਕ ਸੈਸ਼ਨ ਜੱਜ ਮਨੀਸ਼ ਅਰੋੜਾ ਦੀ ਅਦਾਲਤ ਨੇ ਪਹਿਲਾਂ ਹੀ ਵੀਰਵਾਰ ਨੂੰ ਚਾਹਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ । ਵਿਜੀਲੈਂਸ ਨੇ ਪਿਛਲੇ ਸਾਲ ਨਵੰਬਰ ਵਿੱਚ ਭਰਤ ਇੰਦਰ ਸਿੰਘ ਚਾਹਲ ਦੀਆਂ ਵੱਖ-ਵੱਖ ਜਾਇਦਾਦਾਂ ਦੀ ਜਾਂਚ ਸ਼ੁਰੂ ਕੀਤੀ ਸੀ।

ਵਿਜੀਲੈਂਸ ਵੱਲੋਂ ਜੇਲ ਰੋਡ ‘ਤੇ ਚਹਿਲ ਦੇ ਸ਼ਾਪਿੰਗ ਮਾਲ, ਸਰਹਿੰਦ ਰੋਡ ‘ਤੇ ਸਥਿਤ ਮੈਰਿਜ ਪੈਲੇਸ ਅਤੇ ਹੋਰ ਜਾਇਦਾਦਾਂ ਦੀ ਕਾਗਜ਼ੀ ਚੈਕਿੰਗ ਅਤੇ ਪੈਮਾਇਸ਼ ਕੀਤੀ ਜਾ ਚੁੱਕੀ ਸੀ । ਆਮਦਨ ਦੇ ਸਰੋਤ ਅਤੇ ਜਾਇਦਾਦ ਬਾਰੇ ਸ਼ੱਕ ਹੋਣ ਕਾਰਨ ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਈ ਵਾਰ ਨੋਟਿਸ ਦਿੱਤੇ ਸਨ। ਪਿਛਲੀਆਂ ਤਾਰੀਖ਼ਾਂ ਵਿੱਚ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਛੋਟ ਮੰਗੀ ਸੀ ਪਰ ਚਾਹਲ ਅੱਜ ਤੱਕ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਚਾਹਲ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।