International

ਅਮਰੀਕਾ ਯੂਰੋਪ ‘ਚ ਭੇਜੇਗਾ ਵੱਡੀ ਗਿਣਤੀ ‘ਚ ਫ਼ੌਜ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹਮ ਲੇ ਦੀਆਂ ਲਗਾਤਾਰ ਵੱਧ ਰਹੀਆਂ ਕਨਸੋਆਂ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਰੋਪ ਵਿੱਚ ਜ਼ਿਆਦਾ ਤੋਂ ਜ਼ਿਆਦਾ ਫ਼ੌਜ ਭੇਜਣ ਦਾ ਫੈਸਲਾ ਕੀਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਨੇ ਇਹ ਜਾਣਕਾਰੀ ਦਿੱਤੀ ਹੈ। ਦੋ ਹਜ਼ਾਰ ਫ਼ੌਜੀਆਂ ਨੂੰ ਨਾਰਥ ਕੈਰੋਲਾਈਨਾ ਦੇ ਫੌਰਟ ਬ੍ਰੈਗ ਤੋਂ ਪੌਲੈਂਡ ਅਤੇ ਜਰਮਨੀ ਭੇਜਿਆ ਜਾਵੇਗਾ। ਜਰਮਨੀ ਵਿੱਚ ਪਹਿਲਾਂ ਤੋਂ ਮੌਜੂਦ ਇੱਕ ਹਜ਼ਾਰ ਫ਼ੌਜੀਆਂ ਨੂੰ ਰੋਮਾਣੀਆ ਭੇਜਿਆ ਜਾਵੇਗਾ।

ਰੂਸ ਨੇ ਹਮ ਲਾ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ, ਹਾਲਾਂਕਿ, ਯੂਕਰੇਨ ਦੀਆਂ ਸਰਹੱਦਾਂ ਉੱਤੇ ਇੱਕ ਲੱਖ ਰੂਸੀ ਫ਼ੌਜੀ ਤਾਇਨਾਤ ਕੀਤੇ ਗਏ ਹਨ। ਰੂਸ ਨੇ ਅਮਰੀਕਾ ਦੇ ਫ਼ੌਜ ਭੇਜਣ ਦੇ ਫੈਸਲੇ ਨੂੰ ਵਿਨਾਸ਼ਕਾਰੀ ਦੱਸਿਆ ਹੈ। ਰੂਸ ਨੇ ਯੂਕਰੇਨ ਸਰਕਾਰ ਉੱਤੇ ਮਿੰਸਕ ਸਮਝੌਤੇ ਨੂੰ ਲਾਗੂ ਨਾ ਕਰਨ ਦਾ ਦੋਸ਼ ਲਗਾਇਆ। ਦੋਵਾਂ ਦੇਸ਼ਾਂ ਵਿੱਚ ਸ਼ਾਂਥੀ ਨੂੰ ਬਹਾਲ ਕਰਨ ਦੇ ਲਈ ਮਿੰਸਕ ਵਿੱਚ ਅੰਤਰਰਾਸ਼ਟਰੀ ਸਮਝੌਤਾ ਹੋਇਆ ਸੀ।