Punjab

ਨਵਜੋਤ ਸਿੱਧੂ ਦੀ ਕੋਠੀ ’ਚ ਵੜਿਆ ਸ਼ੱਕੀ, ਸਿੱਧੂ ਨੇ ਦੱਸੀ ਸਾਰੀ ਘਟਨਾ…

The suspect entered Navjot Sidhu's house, Sidhu told the whole incident...

 ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਘਰ ਦੀ ਛੱਤ ‘ਤੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ ਹੈ। ਨੌਕਰ ਨੇ ਉਸ ਨੂੰ ਦੇਖ ਕੇ ਅਲਾਰਮ ਵਜਾਇਆ ਤਾਂ ਉਹ ਭੱਜ ਗਿਆ। ਇਹ ਦਾਅਵਾ ਸਿੱਧੂ ਨੇ ਟਵੀਟ ਕਰਕੇ ਕੀਤਾ ਹੈ।

ਦੱਸ ਦੇਈਏ ਕਿ ਦੋ ਹਫ਼ਤੇ ਪਹਿਲਾਂ ਹੀ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਜਿਸ ‘ਤੇ ਸਿੱਧੂ ਅਤੇ ਉਨ੍ਹਾਂ ਦੀ ਪਤਨੀ ‘ਆਪ’ ਸਰਕਾਰ ‘ਤੇ ਭੜਕੇ ਹੋਏ ਸਨ। ਪਤਨੀ ਡਾਕਟਰ ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਪਤੀ ਨੂੰ ਕੁਝ ਹੋਇਆ ਤਾਂ ਉਹ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।

ਬੀਤੀ ਸ਼ਾਮ ਦਾ ਮਾਮਲਾ :

ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ‘ਸ਼ਾਮ 7 ਵਜੇ ਦੇ ਕਰੀਬ ਮੇਰੇ ਘਰ ਦੀ ਛੱਤ ‘ਤੇ ਸਲੇਟੀ ਰੰਗ ਦੇ ਕੰਬਲ ‘ਚ ਲਪੇਟਿਆ ਇਕ ਅਣਪਛਾਤਾ ਸ਼ੱਕੀ ਵਿਅਕਤੀ ਦੇਖਿਆ ਗਿਆ, ਜਿਵੇਂ ਹੀ ਮੇਰੇ ਨੌਕਰ ਨੇ ਅਲਾਰਮ ਵਜਾਇਆ ਅਤੇ ਮਦਦ ਲਈ ਬੁਲਾਇਆ ਤਾਂ ਉਹ ਤੁਰੰਤ ਭੱਜ ਗਿਆ। ਪੰਜਾਬ ਪੁਲਿਸ ਦੇ ਡੀਜੀਪੀ ਨਾਲ ਗੱਲ ਕੀਤੀ ਹੈ ਅਤੇ ਐਸਐਸਪੀ ਪਟਿਆਲਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਸੁਰੱਖਿਆ ਦੀ ਇਹ ਕੁਤਾਹੀ ਮੈਨੂੰ ਪੰਜਾਬ ਲਈ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕੇਗੀ।

ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ 317 ਦਿਨ ਬਿਤਾਉਣ ਤੋਂ ਬਾਅਦ 1 ਅਪ੍ਰੈਲ ਨੂੰ ਰਿਹਾਅ ਕੀਤਾ ਗਿਆ ਸੀ। ਸਿੱਧੂ ਦੇ ਸਾਹਮਣੇ ਆਉਂਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਿਆ ਸੀ ਅਤੇ ਉਨ੍ਹਾਂ ਨੂੰ ਕਮਜ਼ੋਰ ਮੁੱਖ ਮੰਤਰੀ ਕਿਹਾ ਸੀ। ਸਿੱਧੂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਮਨ-ਕਾਨੂੰਨ ਦੇ ਬਹਾਨੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣਾ ਚਾਹੁੰਦੀ ਹੈ।

ਸਿੱਧੂ ਦੀ ਸੁਰੱਖਿਆ Z+ ਤੋਂ ਘਟਾ ਕੇ Y+ ਕੀਤੀ

ਜੇਲ੍ਹ ਤੋਂ ਬਾਹਰ ਆਉਂਦੇ ਹੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ Z+ ਤੋਂ ਘਟਾ ਕੇ Y+ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰ ‘ਤੇ ਵੀ ਆਪਣਾ ਗੁੱਸਾ ਕੱਢਿਆ ਸੀ। ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਵੀ ਸਿੱਧੂ ਦੀ ਸੁਰੱਖਿਆ ਘੱਟ ਕਰਨ ‘ਤੇ ਸਰਕਾਰ ਤੋਂ ਨਾਰਾਜ਼ ਸੀ।

ਡਾ ਨਵਜੋਤ ਕੌਰ ਨੇ ਕਿਹਾ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਮੇਰੇ ਪਤੀ ਇੱਕ ਨੇਤਾ ਹਨ, ਜਿਨ੍ਹਾਂ ਦੇ ਬਹੁਤ ਸਾਰੇ ਸਮਰਥਕ ਹਨ। ਪੰਜਾਬ ਨਾਲ ਪਿਆਰ ਕਰਕੇ ਉਹ ਦਿਨ-ਰਾਤ ਘੁੰਮ ਰਹੇ ਹਨ। ਗੈਂਗਸਟਰ ਲਾਰੈਂਸ ਦੇ ਇੱਕ ਭਾਸ਼ਣ ਵਿੱਚ ਉਨ੍ਹਾਂ ਦਾ ਜ਼ਿਕਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਤੁਸੀਂ ਕਿਸੇ ਵੀ ਨੁਕਸਾਨ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੋਗੇ। ਤੁਸੀਂ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ, ਪਰ ਤੁਸੀਂ ਉਨ੍ਹਾਂ ਲੋਕਾਂ ਪ੍ਰਤੀ ਵੀ ਜ਼ਿੰਮੇਵਾਰ ਹੋ ਜੋ ਸਿਆਸੀ ਤੌਰ ‘ਤੇ ਸਰਗਰਮ ਹਨ ਅਤੇ ਸੱਚ ਦੇ ਮਾਰਗ ‘ਤੇ ਚੱਲ ਰਹੇ ਹਨ। ਆਪਣੀ ਹਉਮੈ ਨੂੰ ਆਪਣੇ ਮਨ ‘ਤੇ ਹਾਵੀ ਨਾ ਹੋਣ ਦਿਓ ਅਤੇ ਇਸਨੂੰ ਗਲਤ ਕੰਮ ਕਰਨ ਲਈ ਮਜਬੂਰ ਨਾ ਕਰਨ ਦਿਓ। ਮੌਜੂਦਾ ਹਾਲਾਤ ਉਨ੍ਹਾਂ ਦੇ ਮੁੱਖ ਮੰਤਰੀ ਪੰਜਾਬ ਲਈ ਅਨੁਕੂਲ ਨਹੀਂ ਹਨ।