Punjab

ਬਠਿੰਡਾ ਮਿਲਟਰੀ ਸਟੇਸ਼ਨ ਕੇਸ ਦੀ ਗੁੱਥੀ ਸੁਲਝੀ! ਫੜੇ ਗਏ ਮੁਲਜ਼ਮ ਨੇ ਦੱਸੀ ਕਾਰੇ ਦੀ ਹੈਰਾਨਕੁਨ ਵਜ੍ਹਾ

Bathinda military station murder mystery solved! The killer of 4 soldiers was caught he told the terrible reason for killing...

ਬਠਿੰਡਾ ਮਿਲਟਰੀ ਸਟੇਸ਼ਨ ( Bathinda Military Station Firing )  ਵਿੱਚ ਫਾਇਰਿੰਗ ਕਰਕੇ 4 ਫੌਜੀਆਂ ਨੂੰ ਮਾਰਨ ਦੇ ਮਾਮਲੇ ਵਿਚ ਇਕ ਫੌਜੀ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸਦੀ ਪਛਾਣ ਦੇਸਾਈ ਮੋਹਨ ਵਜੋਂ ਹੋਈ ਹੈ। ਉਹ ਇਸ ਕੇਸ ਦਾ ਪਹਿਲਾ ਚਸ਼ਮਦੀਦ ਗਵਾਹ ਸੀ। ਹਾਲਾਂਕਿ ਬਾਅਦ ‘ਚ ਪੁਲਿਸ ਦਾ ਸ਼ੱਕ ਉਸ ‘ਤੇ ਡੂੰਘਾ ਹੋ ਗਿਆ ਅਤੇ ਆਖਰਕਾਰ ਉਸ ਗ੍ਰਿਫ਼ਤਾਰ ਕਰ ਲਿਆ ਗਿਆ।

ਦੇਸਾਈ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਐਸਐਸਪੀ ਬਠਿੰਡਾ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਘਟਨਾ ਦੇ ਚਸ਼ਮਦੀਦ ਗਵਾਹ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਰ ਰਾਤ ਤੱਕ ਸੀਆਈਏ ਵਿੱਚ ਬੰਦ ਦੇਸਾਈ ਮੋਹਨ ਤੋਂ ਬਠਿੰਡਾ ਪੁਲੀਸ ਨੇ ਪੁੱਛਗਿੱਛ ਕੀਤੀ। ਪੁਲਿਸ ਮੁਤਾਬਕ ਦੇਸਾਈ ਮੋਹਨ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਚਾਰ ਜਵਾਨ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਨੇ ਚਾਰਾਂ ਦੀ ਹੱਤਿਆ ਕਰ ਦਿੱਤੀ।

ਦੱਸ ਦੇਈਏ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਤੇ ਬੁੱਧਵਾਰ ਤੜਕੇ ਚਾਰ ਫੌਜੀ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਸਮੇਂ ਇਹ ਸਾਰੇ ਜਵਾਨ ਸਟੇਸ਼ਨ ‘ਤੇ ਆਪਣੀ ਬੈਰਕ ‘ਚ ਸੌਂ ਰਹੇ ਸਨ। ਮਰਨ ਵਾਲਿਆਂ ਵਿੱਚ ਤੋਪਖਾਨੇ ਦੀ 80 ਮੀਡੀਅਮ ਰੈਜੀਮੈਂਟ ਦੇ ਗਨਰ ਸਾਗਰ ਬੰਨੇ, ਕਰਨੇਸ਼ ਆਰ, ਯੋਗੇਸ਼ ਕੁਮਾਰ ਜੇ ਅਤੇ ਸੰਤੋਸ਼ ਐਮ ਨਾਗਰਾਲ ਸ਼ਾਮਲ ਹਨ। ਪਹਿਲੇ ਤਿੰਨ ਵਿਸ਼ੇਸ਼ ਵਾਹਨਾਂ ਦੇ ਡਰਾਈਵਰ ਸਨ, ਜੋ ਤੋਪਖਾਨੇ ਦੀਆਂ ਤੋਪਾਂ ਨੂੰ ਖਿੱਚਦੇ ਸਨ। ਇਨ੍ਹਾਂ ਸਾਰਿਆਂ ਦੀ ਉਮਰ 24 ਤੋਂ 25 ਸਾਲ ਦਰਮਿਆਨ ਸੀ।

ਪੁਲਿਸ ਨੇ ਮੌਕੇ ਤੋਂ ਹਥਿਆਰ ਅਤੇ ਇੰਸਾਸ ਰਾਈਫਲ ਦੇ 19 ਖਾਲੀ ਖੋਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇਸ ਘਟਨਾ ਦੇ ‘ਚਸ਼ਮਦੀਦ ਗਵਾਹ’ ਦੇਸਾਈ ਨੇ ਦੱਸਿਆ ਸੀ ਕਿ ਉਸ ਨੇ ਹਮਲਾਵਰਾਂ ਨੂੰ ਇੰਸਾਸ ਰਾਈਫਲ ਅਤੇ ਕੁਹਾੜੀ ਨਾਲ ਦੇਖਿਆ ਸੀ। ਅਜਿਹੇ ‘ਚ ਬਠਿੰਡਾ ਛਾਉਣੀ ਥਾਣੇ ‘ਚ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ-302 (ਕਤਲ) ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸ਼ੁਰੂਆਤੀ ਤੌਰ ‘ਤੇ ਪੁਲਿਸ ਨੇ ਇਹ ਘਟਨਾ ‘ਆਪਸੀ ਗੋਲੀਬਾਰੀ’ ਦੀ ਜਾਪਦੀ ਸੀ।

ਅਜਿਹੇ ‘ਚ ਪੁਲਿਸ ਨੇ ਇਸ ਮਾਮਲੇ ‘ਚ ਪੁੱਛਗਿੱਛ ਲਈ 10 ਜਵਾਨਾਂ ਨੂੰ ਨੋਟਿਸ ਭੇਜਿਆ ਸੀ। ਪੁਲਿਸ ਇਸ ਕਤਲ ਕੇਸ ਵਿੱਚ ਗਨਰ ਦੇਸਾਈ ਮੋਹਨ ਅਤੇ ਗਨਰ ਨਾਗਾ ਸੁਰੇਸ਼ ਦੀ ਭੂਮਿਕਾ ਜਾਣਨਾ ਚਾਹੁੰਦੀ ਹੈ। ਦੇਸਾਈ ਮੋਹਨ ਇਸ ਕੇਸ ਦਾ ਮੁੱਖ ਚਸ਼ਮਦੀਦ ਗਵਾਹ ਸੀ। ਦੇਸਾਈ ਮੋਹਨ ਦੇ ਕੁੜਤਾ ਪਜਾਮਾ ਅਤੇ ਕੁਹਾੜੀ ਦੇ ਬਿਆਨ ‘ਤੇ ਪੁਲਿਸ ਨੇ ਇਸ ਮਾਮਲੇ ‘ਚ ਐਫ.ਆਈ.ਆਰ. ਦਰਜ ਕਰ ਲਈ ਸੀ ਹਾਲਾਂਕਿ, ਐਤਵਾਰ ਦੇਰ ਰਾਤ ਪੁਲਿਸ ਨੇ ਦੇਸਾਈ ਨੂੰ ਚਾਰ ਜਵਾਨਾਂ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ।