Punjab

ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਜਾਰੀ , ਆਮ ਲੋਕ ਹੋ ਰਹੇ ਨੇ ਖੱਜਲ-ਖੁਆਰ

Punjab Roadways

ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਅਤੇ ਖਾਸ ਕਰਕੇ ਮੁਫਤ ਸਫਰ ਕਰਨ ਵਾਲੀਆਂ ਔਰਤਾਂ ਨੂੰ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਹਨ। ਰੋਡਵੇਜ਼ ਯੂਨੀਅਨ ਦੀ ਸੂਬਾ ਸਰਕਾਰ ਨਾਲ 16 ਦਸੰਬਰ ਨੂੰ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਯੂਨੀਅਨ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਹੈ।

ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਬੱਸਾਂ ਦੇ ਨਾ ਚੱਲਣ ਕਾਰਨ ਕਈ ਜ਼ਿਲ੍ਹਿਆਂ ਦੇ ਲੋਕ ਪ੍ਰੇਸ਼ਾਨ ਹਨ। ਲੋਕ ਪ੍ਰਾਈਵੇਟ ਟੈਕਸੀਆਂ ਅਤੇ ਹੋਰ ਮਹਿੰਗੇ ਸਾਧਨ ਵਰਤਣ ਲਈ ਮਜਬੂਰ ਹਨ।

ਹੜ੍ਹਤਾਲੀ ਮੁਲਾਜ਼ਮ ਵਿਭਾਗ ਵਿੱਚ ਆਊਟਸੋਰਸਿੰਗ ਰਾਹੀਂ ਭਰਤੀ ਦਾ ਵਿਰੋਧ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਮਹਿਕਮਾ ਇਸ ਤਰੀਕੇ ਨਾਲ ਹੋਈ ਭਰਤੀ ਨੂੰ ਰੱਦ ਕਰੇ ਤੇ ਦੁਬਾਰਾ ਪੱਕੀ ਭਰਤੀ ਕੀਤੀ ਜਾਵੇ।

ਉਹਨਾਂ ਇਹ ਵੀ ਕਿਹਾ ਕਿ ਸਰਕਾਰ ਆਊਟਸੋਰਸਿੰਗ ਭਰਤੀ ਕਰਨ ਤੋਂ ਪਹਿਲਾਂ ਮਨਾ ਕਰ ਰਹੀ ਸੀ ਪਰ ਹੁਣ ਫਿਰ ਇਸ ਤਰੀਕੇ ਨਾਲ ਭਰਤੀ ਕੀਤੀ ਗਈ ਹੈ ਜੇ ਕਿ ਸਰਾਸਰ ਵਾਅਦਾ ਖਿਲਾਫ਼ੀ ਹੈ ,ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੂਬੇ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ 18 ਪਨਬੱਸ ਤੇ 9 ਪੀਆਰਟੀਸੀ ਦੇ ਡਿਪੂ ਬੰਦ ਰੱਖੇ ਗਏ ਹਨ ਤੇ ਇਸ ਤੋਂ ਇਲਾਵਾ ਅੱਜ ਚੰਡੀਗੜ੍ਹ ਵਿੱਖੇ ਮੁੱਖ ਮੰਤਰੀ ਪੰਜਾਬ ਦੀ ਸਰਕਾਰੀ  ਰਿਹਾਇਸ਼ ਦਾ ਵੀ ਘਿਰਾਉ ਕੀਤਾ ਜਾਵੇਗਾ।

ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਸਰਕਾਰ ਨਾਲ 16 ਦਸੰਬਰ ਨੂੰ ਹੋਣ ਵਾਲੀ ਗੱਲਬਾਤ ਬੇਸਿੱਟਾ ਰਹੀ ਹੈ ਪਰ ਸੋਮਵਾਰ ਨੂੰ ਯੂਨੀਅਨ ਦੇ ਅਧਿਕਾਰੀਆਂ ਦੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਮੁੜ ਮੀਟਿੰਗ ਹੋਣੀ ਹੈ। ਜੇਕਰ ਇਸ ਮੌਕੇ ਸਰਕਾਰ ਅਤੇ ਯੂਨੀਅਨ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਯੂਨੀਅਨ ਦੀਆਂ ਸੂਬਾ ਸਰਕਾਰ ਤੋਂ ਆਊਟਸੋਰਸ ਭਰਤੀ ਬੰਦ ਕਰਨ, ਤਨਖ਼ਾਹ ਸਬੰਧੀ ਹੋਰ ਵੀ ਕਈ ਮੰਗਾਂ ਹਨ। ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਯੂਨੀਅਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਰੋਡਵੇਜ਼ ਕਰਮਚਾਰੀ ਆਪਣੀਆਂ ਵੱਖ ਨਵੱਖ ਮੰਗਾਂ ਨੂੰ ਲੈ ਕੇ ਹੜ੍ਹਤਾਲ ਤੇ ਚੱਲ ਗਏ ਸੀ। ਇਸ ਦੌਰਾਨ ਮੰਗਾਂ ਭਾਵੇਂ ਬਰਖਾਸਤ ਕੰਡਕਟਰ ਨੂੰ ਬਹਾਲ ਕਰਨ ਤੋਂ ਲੈ ਕੇ ਹੋਰ ਵੀ ਕਈ ਸਨ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਉਦੋਂ ਵੀ ਉਠੀ ਸੀ ਤੇ ਸਰਕਾਰ ਵਲੋਂ ਜਿਆਦਾਤਰ ਮੰਗਾਂ ਸਵੀਕਾਰ ਕਰਨ ਤੋਂ ਮਗਰੋਂ ਹੜ੍ਹਤਾਲ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਸੀ ।

ਇਸ ਤੋਂ ਇਲਾਵਾ ਉਦੋਂ ਵੀ ਜਥੇਬੰਦੀ ਵਲੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਗਿਆ ਸੀ,ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ ।