ਦ ਖਾਲਸ ਬਿਊਰੋ (ਗੁਲਜਿੰਦਰ ਕੌਰ ) : ਸਾਕਾ ਸਰਹਿੰਦ,ਇੱਕ ਅਜਿਹੀ ਘਟਨਾ ,ਜਿਸ ਨਾਲ ਇਨਸਾਨੀਅਤ ਨਾਲ ਪਿਆਰ ਰੱਖਣ ਵਾਲੇ ਹਰ ਇਨਸਾਨ ਦਾ ਹਿਰਦਾ ਦੁਖੀ ਹੋਇਆ ਸੀ । ਇਸ ਦਿਲ ਕੰਬਾਊ ਘਟਨਾ ਨਾਲ ਮਾਨਵਤਾ ਨਾਲ ਦਰਦ ਰੱਖਣ ਵਾਲੀ ਹਰ ਅੱਖ ਰੋਈ ਸੀ ਕਿ ਕਿਵੇਂ ਕੋਈ ਇਸ ਤਰਾਂ ਦੀ ਸਜ਼ਾ ਦੇ ਸਕਦਾ ਸੀ ?
ਮੁਗਲ ਹਕੂਮਤ ਰਹਿੰਦੀ ਦੁਨੀਆ ਤੱਕ ਇਸ ਲਈ ਲਾਹਨਤਾਂ ਖੱਟਦੀ ਰਹੇਗੀ ਪਰ ਇਥੇ ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ ,ਜਿਹਨਾਂ ਨੇ ਇਹਨਾਂ ਮਾਸੂਮ ਜਿੰਦਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ। ਇਹਨਾਂ ਕਿਰਦਾਰਾਂ ਵਿੱਚ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਦਾ ਤਾਂ ਨਾਂ ਸ਼ਾਮਲ ਹੈ ਹੀ ਪਰ ਇਤਿਹਾਸ ਦਾ ਇੱਕ ਹੋਰ ਕਿਰਦਾਰ ਦਾ ਜ਼ਿਕਰ ਕਰਨਾ ਵੀ ਇਥੇ ਬਣਦਾ ਹੈ,ਜਿਸ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ। ਇਹ ਕਿਰਦਾਰ ਹੈ ਸੂਬਾ ਸਰਹਿੰਦ ਵਜ਼ੀਦ ਖ਼ਾਨ ਦੀ ਬੇਗਮ ਜ਼ੈਨਬੁਨਿਮਾ ਉਰਫ਼ ਬੇਗਮ ਜ਼ੈਨਾ,ਜਿਸ ਨੇ ਆਪਣੇ ਖਾਵੰਦ ਨੂੰ ਬਹੁਤ ਰੋਕਿਆ ਸੀ ਇਸ ਪਾਪ ਤੋਂ ਪਰ ਜਦ ਉਸ ਦਾ ਬਸ ਨਹੀਂ ਚੱਲਿਆ ਤਾਂ ਆਪਣੇ ਜ਼ਮੀਰ ਦੇ ਹੱਕ ਵਿੱਚ ਉਸ ਨੇ ਆਪਣੀ ਜਾਨ ਦੇ ਦਿੱਤੀ।
ਬੇਗਮ ਜ਼ੈਨਾ ਬਾਰੇ ਇਤਿਹਾਸਕਾਰਾਂ ਨੇ ਜਿਆਦਾ ਨਹੀਂ ਲਿਖਿਆ ਹੈ ਤੇ ਨਾ ਹੀ ਲਿਖਤਾਂ ਅੰਦਰ ਕੋਈ ਹਵਾਲਾ ਮਿਲਦਾ ਹੈ ਪਰ ਪੰਥ ਪ੍ਰਵਾਨਿਤ ਵਿਦਵਾਨ ਭਾਈ ਵੀਰ ਸਿੰਘ ਨੇ ਰਚਨਾਵਲੀ ਕਲਗੀਧਰ ਚਮਤਕਾਰ ‘ਚ ਸੂਬਾ ਸਰਹਿੰਦ ਦੀ ਅਜ਼ੀਜ਼ ਬੇਗਮ ਜ਼ੈਨਬੁਨਿਮਾ, ਉਰਫ਼ ਜ਼ੈਨਾ ਦੀ ਕੁਰਬਾਨੀ ਅਤੇ ਸਿਦਕ ਨੂੰ ਬਾਖ਼ੂਬੀ ਢੰਗ ਨਾਲ ਜ਼ਿਕਰ ਕੀਤਾ ਹੈ। ਬੇਗਮ ਜੈਨਾ ਬਾਈਧਾਰ ਦੇ ਬਿਲਾਸਪੁਰ ਖੇਤਰ ਦੀ ਜੰਮਪਲ ਸੀ ਤੇ ਉਸ ਦਾ ਸਬੰਧ ਮੂਲ ਹਿੰਦੂ ਰਾਜਪੂਤ ਘਰਾਣੇ ਨਾਲ ਸੀ। ਇੰਝ ਵੀ ਕਿਹਾ ਜਾਂਦਾ ਹੈ ਕਿ ਉਸ ਦਾ ਪਹਿਲਾ ਨਾਂ ਭਾਗੋ ਸੀ । ਭਾਗੋ ਨੂੰ ਅਨੰਦਪੁਰ ਸਾਹਿਬ ਜਾਣ ਦਾ ਮੌਕਾ ਮਿਲਿਆ ਸੀ,ਜਦੋਂ ਉਹ ਬਹੁਤ ਛੋਟੀ ਸੀ ਤੇ ਉਸ ਦੀ ਮਾਤਾ ਗੁਰੂ ਦਰਬਾਰ ‘ਚ ਆਪਣੇ ਪਤੀ ਸਮੇਤ ਸੇਵਾ ਨਿਭਾਉਂਦੀ ਇੱਕ ਅੰਮ੍ਰਿਤਧਾਰੀ ਬੀਬੀ ਨੂੰ ਮਿਲਣ ਗਈ ਸੀ । ਇਸੇ ਦੌਰਾਨ ਭਾਗੋ ਨੇ ਉਸ ਬੀਬੀ ਨੂੰ ਗੁਰੂ ਕੇ ਸਾਹਿਬਜ਼ਾਦਿਆਂ ਦੀ ਦੇਖਭਾਲ ਕਰਦਿਆਂ ਨੇੜਿਓਂ ਤੱਕਿਆ। ਭਾਗੋ ‘ਤੇ ਸਾਹਿਬਜ਼ਾਦਿਆਂ ਦੇ ਜਾਹੋ-ਜਲਾਲ ਦਾ ਐਸਾ ਅਸਰ ਪਿਆ ਕਿ ਉਹ ਜ਼ਿੰਦਗੀ ਦੇ ਆਖਰੀ ਪਲਾਂ ਤਕ ਵੀ ਉਹਨਾਂ ਨੂੰ ਆਪਣੇ ਜ਼ਿਹਨ ਚੋਂ ਨਾ ਵਿਸਾਰ ਸਕੀ।
ਇਹ ਵੀ ਕਿਹਾ ਜਾਂਦਾ ਹੈ ਕਿ ਸਮਾਂ ਪੈਣ ‘ਤੇ ਭਾਗੋ ਦਾ ਵਿਆਹ ਸਰਹਿੰਦ ਖਿੱਤੇ ਦੇ ਇੱਕ ਪਿੰਡ ‘ਚ ਤੈਅ ਕੀਤਾ ਗਿਆ ਸੀ ਪਰ ਉਸ ਦੀ ਡੋਲੀ ਨੂੰ ਸੂਬਾ ਸਰਹਿੰਦ ਨੇ ਲੁੱਟ ਲਿਆ ਤੇ ਧੱਕੇ ਨਾਲ ਉਸ ਨਾਲ ਨਿਕਾਹ ਕਰਾ ਲਿਆ। ਜੈਨਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਪਰ ਨਵਾਬ ਦੀ ਧੌਂਸ ਅੱਗੇ ਉਸ ਨੂੰ ਹਥਿਆਰ ਸੁੱਟਣੇ ਪਏ। ਨਿਕਾਹ ਤੋਂ ਬਾਅਦ ਉਸ ਦਾ ਨਾਂ ਵੀ ਬਦਲ ਦਿੱਤਾ ਗਿਆ ,ਜੋ ਬਾਅਦ ਵਿੱਚ ਜ਼ੈਨਬੁਨਿਮਾ ਹੋ ਗਿਆ ਤੇ ਵਜ਼ੀਦ ਖਾਂ ਉਸ ਨੂੰ ਬੇਗਮ ਜ਼ੈਨਾ ਦੇ ਨਾਂ ਨਾਲ ਪੁਕਾਰਦਾ ਰਿਹਾ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ੈਨਾ ਦੀ ਕੁੱਖੋਂ ਵਜ਼ੀਦ ਖ਼ਾਨ ਦੇ ਦੋ ਬੱਚੇ ਵੀ ਜਨਮੇ।
ਇਸੇ ਸਮੇਂ ਦੌਰਾਨ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰਨ ਦੀ ਗੱਲ ਤੇ ਕਾਜ਼ੀ ਦੇ ਫ਼ਤਵੇ ‘ਤੇ ਕਚਿਹਰੀਆਂ ‘ਚ ਘੜਿਆ ਮਨਸੂਬਾ ਜ਼ੈਨਾ ਦੇ ਕੰਨੀ ਪਿਆ ਤਾਂ ਗੁਰੂ ਲਾਲਾਂ ਦੀ ਜੋੜੀ ਦੀ ਤਸਵੀਰ ਉਸ ਦੀਆਂ ਅੱਖਾਂ ਅੱਗੇ ਘੁੰਮ ਗਈ । ਆਪਣੀ ਜ਼ਮੀਰ ਦੀ ਆਵਾਜ਼ ਸੁਣ ਜ਼ੈਨਾ ਨੇ ਨਵਾਬ ਨੂੰ ਵਾਸਤਾ ਪਾਇਆ “ਅੱਲ੍ਹਾ ਦਾ ਵਾਸਤਾ ਈ ਸਾਈਂਆ। ਸਰਹਿੰਦ ਦੀ ਤਬਾਹੀ ਦੀ ਨੀਂਹ ਹੱਥੀਂ ਨਾ ਚਿਣ। ਤੈਨੂੰ ਬਜ਼ੁਰਗ ਮਾਂ ਦਾ ਸਰਾਪ ਤਬਾਹ ਕਰ ਸੁੱਟੇਗਾ। ਜੇ ਇਹੋ ਕਲੰਕ ਲਗਵਾਉਣ ਲਈ ਮੈਨੂੰ ਆਪਣੇ ਸੰਗ ਨਿਕਾਹਿਆ ਸੀ ਤਾਂ ਉਦੋਂ ਹੀ ਮੇਰੇ ਲਹੂ ਦਾ ਸੰਧੂਰ ਮੇਰੇ ਮੱਥੇ ਲਾ ਕੇ ਮੇਰੀ ਜ਼ਿੰਦਗੀ ‘ਤੇ ਲੱਗਣ ਵਾਲੀ ਕਾਲਖ਼ ਧੋ ਛੱਡਦਾ ਪਰ ਮੈਂ ਆਹ ਕਹਿਰ…।”ਪਰ ਉਸ ਦੀ ਇਸ ਦੁਹਾਈ ਦਾ ਵਜ਼ੀਦ ਖਾਨ ਤੇ ਕੋਈ ਅਸਰ ਨਹੀਂ ਹੋਇਆ ਤੇ ਹੰਕਾਰ ਵਿੱਚ ਉਸ ਨੇ ਮੌਤ ਨੂੰ ਖੁਦ ਸੱਦਾ ਦਿੰਦੇ ਹੋਏ ਦੋ ਮਾਸੂਮ ਜਿੰਦਾਂ ‘ਤੇ ਕਹਿਰ ਕਮਾਇਆ ਤੇ ਸ਼ਹੀਦ ਕਰ ਦਿੱਤਾ। ਠੰਡੇ ਬੁਰਜ ਵਿੱਚ ਮਾਤਾ ਗੁਜਰੀ ਨੂੰ ਖ਼ਬਰ ਮਿਲੀ ਤਾਂ ਉਹਨਾਂ ਦੀ ਆਤਮਾ ਨੇ ਵੀ ਸਰੀਰ ਰੂਪੀ ਚੋਲਾ ਛੱਡ ਦਿੱਤਾ । ਮਨੁੱਖਤਾ ਵੀ ਇਸ ਸਾਰੀ ਘਟਨਾ ‘ਤੇ ਸ਼ਰਮਸਾਰ ਹੋਈ। ਇਸ ਸਾਰੀ ਘਟਨਾ ਦਾ ਵੇਰਵਾ ਜਦੋਂ ਬੇਗਮ ਜ਼ੈਨਾ ਤੱਕ ਪਹੁੰਚਿਆ ਤਾਂ ਉਸ ਦੀਆਂ ਅੱਖਾਂ ‘ਚ ਪਾਣੀ ਆ ਗਿਆ ਤੇ ਉਸ ਨੇ ਵੀ ਤੇਜ਼ ਸੰਗੀਨ ਕਟਾਰੀ ਆਪਣੇ ਸੀਨੇ ਮਾਰ ਕੇ ਆਪਣਾ ਈਮਾਨ ਰੱਖਿਆ ਤੇ ਇਸ ਸਾਰੀ ਘਟਨਾ ਦੇ ਵਿਰੋਧ ਵਿੱਚ ਆਪਣੀ ਜਾਨ ਦੇ ਦਿੱਤੀ। ਹੁਣ ਨਵਾਬ ਦੇ ਮਹਿਲਾਂ ਵਿੱਚ ਸਿਰਫ਼ ਨਿਰਜਿੰਦ ਲੋਥ ਪਈ ਸੀ ਤੇ ਜੈਨਾ ਦੀ ਰੂਹ ਉਡਾਰੀ ਮਾਰ ਗਈ ਸੀ।
ਵਜ਼ੀਦ ਖਾਨ ਦੇ ਕੀਤੇ ਅਨਿਆਂ ਤੋਂ ਬਾਅਦ ਜੇ ਨਵਾਬ ਸ਼ੇਰ ਮੁਹਮੰਦ ਮਲੇਰਕੋਟਲਾ ‘ਹਾਅ ਦਾ ਨਾਅਰਾ’ ਮਾਰਨ ਬਦਲੇ ਸਿੱਖਾਂ ਦੇ ਸਤਿਕਾਰ ਦਾ ਪਾਤਰ ਬਣ ਸਕਦਾ ਹੈ ਤਾਂ ਸਾਕਾ ਸਰਹਿੰਦ ਦੇ ਮੁੱਖ ਖਲਨਾਇਕ ਦੀ ਬੇਗਮ ਦੀ ਹੈਸੀਅਤ ‘ਚ ਗੁਰੂ ਲਾਲਾਂ ਲਈ ਜਾਨ ਵਾਰਨ ਵਾਲੀ ਬੇਗਮ ਜ਼ੈਨਾ ਦਾ ਜ਼ਿਕਰ ਵੀ ਬਣਦਾ ਹੈ ।