Punjab

ਜੇ ਇਸ ਵਾਰ ਵੀ ਦੋਸ਼ੀਆਂ ਨੂੰ ਬਖਸ਼ਿਆ ਤਾਂ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ – ਜਥੇਦਾਰ

Jathedar of Shri Akal Takht Sahib

ਦ ਖ਼ਾਲਸ ਬਿਊਰੋ :  ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਲੰਧਰ ਦੇ ਕਸਬਾ ਗੁਰਾਇਆ ਨਜ਼ਦੀਕੀ ਪਿੰਡ ਮਨਸੂਰਪੁਰ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੋ ਕਿ ਬੇਹੱਦ ਦੁੱਖ ਦੀ ਗੱਲ ਹੈ। ਇਸਦੇ ਨਾਲ ਹੀ ਜਥੇਦਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਰਹਿਣ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਗੁਰੂ ਘਰ ਵਿੱਚ 24 ਘੰਟੇ ਇੱਕ ਸੇਵਾਦਾਰ ਜ਼ਰੂਰ ਰਹਿਣਾ ਚਾਹੀਦਾ ਹੈ ਅਤੇ ਸੀਸੀਟੀਵੀ ਲਗਾਉਣ ਲਈ ਵੀ ਕਿਹਾ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਤੁਰੰਤ ਹੀ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਨਾਲ ਹੀ ਦੋਸ਼ ਲਾਉਂਦਿਆਂ ਕਿਹਾ ਕਿ ਕਈ ਵਾਰ ਸਰਕਾਰਾਂ ਵੱਲੋਂ ਅਜਿਹੇ ਦੋਸ਼ੀਆਂ ਨੂੰ ਪਾਗਲ ਕਰਾਰ ਦੇ ਕੇ ਰਾਹਤ ਦਿੱਤੀ ਜਾਂਦੀ ਹੈ। ਜੇ ਇਸ ਵਾਰ ਵੀ ਅਜਿਹਾ ਹੋਇਆ ਤਾਂ ਸਿੱਖ ਕੌਮ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ ਦੇ ਗ੍ਰੰਥੀ ਪਰਮਜੀਤ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਮੇਂ ਕਰੀਬ 5 ਵਜੇ ਦਰਬਾਰ ਸਾਹਿਬ ’ਚ ਦਾਖ਼ਲ ਹੋਏ ਤਾਂ ਦੇਖਿਆ ਕਿ ਦੋ ਦੋਸ਼ੀ ਅੰਦਰ ਸਨ।

ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਦੇ ਇਸ ਗੁਰੂ ਘਰ ‘ਚ ਆਖ਼ਰ ਕਿਵੇਂ ਵਾਪਰ ਗਈ ਐਨੀ ਘਿਨੌਣੀ ਹਰਕਤ

ਉਨਾਂ ਵਲੋਂ ਹਿੰਮਤ ਕਰਕੇ ਇਕ ਦੋਸ਼ੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਇਸ ਖ਼ਬਰ ਨੂੰ ਸੁਣ ਕੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਗੁਰੂ ਘਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਅਤੇ ਕਾਬੂ ਕੀਤੇ ਦੋਸ਼ੀ ਨੂੰ ਪੁਲਿਸ ਹਵਾਲੇ ਕਰਨ ਤੋਂ ਮਨਾਂ ਕਰ ਰਹੀਆਂ ਸਨ।

ਦੋਵਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਗਈ ਅਤੇ ਉੱਥੇ ਤੰਬਾਕੂ ਦੇ ਪੈਕਟ ਵੀ ਖਿੱਲਰੇ ਪਏ ਸਨ। ਗੁਰੂ ਘਰ ਵਿੱਚ ਹੋਰ ਸਮਾਨ ਦੀ ਭੰਨਤੋੜ ਵੀ ਕੀਤੀ ਗਈ ਅਤੇ ਗੋਲਕ ਤੋੜਨ ਦਾ ਯਤਨ ਵੀ ਕੀਤਾ ਗਿਆ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।