Punjab

ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਦੇ ਇਸ ਗੁਰੂ ਘਰ ‘ਚ ਆਖ਼ਰ ਕਿਵੇਂ ਵਾਪਰ ਗਈ ਐਨੀ ਘਿਨੌਣੀ ਹਰਕਤ

Attempt of desecration in Gurdwara Sahib atmosphere tense in village Mansoorpur

 ਜਲੰਧਰ : ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ ਦੇ ਗ੍ਰੰਥੀ ਪਰਮਜੀਤ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਮੇਂ ਕਰੀਬ 5 ਵਜੇ ਦਰਬਾਰ ਸਾਹਿਬ ’ਚ ਦਾਖ਼ਲ ਹੋਏ ਤਾਂ ਦੇਖਿਆ ਕਿ ਦੋ ਦੋਸ਼ੀ ਅੰਦਰ ਸਨ।

ਉਨਾਂ ਵਲੋਂ ਹਿੰਮਤ ਕਰਕੇ ਇਕ ਦੋਸ਼ੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਇਸ ਖ਼ਬਰ ਨੂੰ ਸੁਣ ਕੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਗੁਰੂ ਘਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਅਤੇ ਕਾਬੂ ਕੀਤੇ ਦੋਸ਼ੀ ਨੂੰ ਪੁਲਿਸ ਹਵਾਲੇ ਕਰਨ ਤੋਂ ਮਨਾਂ ਕਰ ਰਹੀਆਂ ਸਨ।

ਦੋਵਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਗਈ ਅਤੇ ਉੱਥੇ ਤੰਬਾਕੂ ਦੇ ਪੈਕਟ ਵੀ ਖਿੱਲਰੇ ਪਏ ਸਨ। ਗੁਰੂ ਘਰ ਵਿੱਚ ਹੋਰ ਸਮਾਨ ਦੀ ਭੰਨਤੋੜ ਵੀ ਕੀਤੀ ਗਈ ਅਤੇ ਗੋਲਕ ਤੋੜਨ ਦਾ ਯਤਨ ਵੀ ਕੀਤਾ ਗਿਆ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।

ਇਸ ਮੌਕੇ ਸਾਬਕਾ ਐਸ.ਜੀ.ਪੀ.ਸੀ.ਮੈਂਬਰ ਹਰਜਿੰਦਰ ਸਿੰਘ ਲੱਲੀਆਂ, ਸਰਵਨ ਸਿੰਘ ਕੁਲਾਰ, ਗਿਆਨੀ ਜਤਿੰਦਰ ਸਿੰਘ ਨੂਰਪੁਰੀ ਤੇ ਹਾਜ਼ਰ ਸੰਗਤ ਨੇ ਕਿਹਾ ਕਿ ਜਦ ਤੱਕ ਇਸ ਬੇਅਦਬੀ ਕਰਨ ਪਿੱਛੇ ਲੱਗੀਆਂ ਤਾਕਤਾਂ ਦਾ ਪਤਾ ਨਹੀਂ ਲੱਗਦਾ, ਤਦ ਤੱਕ ਉਹ ਦੋਸ਼ੀ ਨੂੰ ਪੁਲਿਸ ਹਵਾਲੇ ਨਹੀਂ ਕਰਨਗੀਆਂ। ਇਸ ਮੌਕੇ ਐਸ.ਐਸ.ਪੀ. ਜਲੰਧਰ ਦਿਹਾਤੀ ਸਵਪਨਦੀਪ ਸਿੰਘ ਭਾਰੀ ਪੁਲਿਸ ਸਮੇਤ ਗੁਰਦੁਆਰਾ ਸਾਹਿਬ ’ਚ ਪਹੁੰਚੇ । ਪੁਲਿਸ ਅਨੁਸਾਰ ਦੂਸਰੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਸੰਗਤ ਨੇ ਗੁਰੂ ਘਰ ਦੀ ਪਵਿੱਤਰਤਾ ਲਈ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਪੇਜ ਉੱਤੇ ਇਸ ਘਟਨਾ ਦੀ ਵੀਡੀਓ ਨੂੰ ਸਾਂਝਾ ਕਰਦਿਆਂ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ। ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਨਾਸਤਿਕ ਕੱਟੜਪੰਥੀਆਂ ਨੇ ਤੰਬਾਕੂ ਚਬਾਉਣ ਤੋਂ ਬਾਅਦ ਉਸ ਨੂੰ ਉਥੇ ਹੀ ਥੁੱਕ ਦਿੱਤਾ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਫੌਰੀ ਤੌਰ ‘ਤੇ ਕਾਬੂ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਨੇ 2015 ਦੀਆਂ ਬੇਅਦਬੀ ਘਟਨਾਵਾਂ ਦੀ ਯਾਦ ਦਿਵਾ ਦਿੱਤੀ ਹੈ।

ਖਹਿਰਾ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ‘ਤੇ ਪ੍ਰਤੀਕਰਮ ਦਿੱਤਾ ਹੈ। ਆਪਣੇ ਟਵੀਟ ਵਿੱਚ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਦੀ ਘਿਨਾਉਣੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਬੇਨਤੀ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਹੈ ਕਿ ਇਹ ਦਰਦਨਾਕ ਕਾਰਾ ਮੁਆਫ਼ੀਯੋਗ ਨਹੀਂ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਇਸ ਨੂੰ ਜਾਣਬੁੱਝ ਕੇ ਕੀਤੀ ਗਈ ਭੜਕਾਊ ਕਾਰਵਾਈ ਦੱਸਦਿਆਂ ਕਿਹਾ ਹੈ ਕਿ ਇਹ ਮੁਆਫ਼ੀਯੋਗ ਨਹੀਂ ਹੈ।