India Punjab

ਜਲੰਧਰ ਦੇ ਮਸ਼ਹੂਰ ਸੀ.ਏ. ਦੇ ਘਰ ਤੇ ਦਫ਼ਤਰ ’ਚ ਵੀ ਪਹੁੰਚੀ ਈ.ਡੀ

ਮੰਗਲਵਾਰ ਨੂੰ ਈਡੀ ਨੇ ਜਲੰਧਰ ਦੇ ਨਿਊ ਜਵਾਹਰ ਨਗਰ ਵਿਚ ਇੱਕ ਚਾਰਟਰਡ ਅਕਾਊਂਟੈਂਟ (ਸੀਏ) ਦੇ ਘਰ ਛਾਪਾ ਮਾਰਿਆ। ਈਡੀ ਦੀ ਟੀਮ ਸਵੇਰੇ ਹੀ ਮੌਕੇ ’ਤੇ ਪਹੁੰਚ ਗਈ ਅਤੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਲੁਧਿਆਣਾ ਵਿਚ ਵੀ ਇੱਕ ਹੋਰ ਸੀਏ ਦੇ ਘਰ ਦਾ ਦੌਰਾ ਕੀਤਾ ਗਿਆ।

ਪੰਜਾਬ ਦੀਆਂ ਕਈ ਥਾਵਾਂ ’ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਪੁਲਿਸ ਜਾਂ ਈਡੀ ਵੱਲੋਂ ਅਜੇ ਤੱਕ ਇਸ ਕਾਰਵਾਈ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਛਾਪੇਮਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਰਿਪੋਰਟਾਂ ਮੁਤਾਬਕ ਈਡੀ ਟੀਮਾਂ ਨੇ ਜਲੰਧਰ ਵਿਚ ਦੋ ਸਿਆਸਤਦਾਨਾਂ ਦੇ ਘਰਾਂ ’ਤੇ ਵੀ ਛਾਪਾ ਮਾਰਿਆ।

ਇਸ ਤੋਂ ਪਹਿਲਾਂ ਈਡੀ ਨੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ’ਤੇ ਵੀ ਛਾਪਾ ਮਾਰਿਆ ਸੀ। ਛਾਪੇਮਾਰੀ ਤੋਂ ਬਾਅਦ ਵਪਾਰਕ ਭਾਈਚਾਰੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵਿਚ ਭਾਰੀ ਚਰਚਾ ਛਿੜੀ ਹੋਈ ਹੈ

ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਈਡੀ ਪੰਜਾਬ ਦੇ ਵਪਾਰੀਆਂ ਉੱਤੇ ਛਾਪੇ ਮਾਰ ਰਹੀ ਹੈ ਅਤੇ ਆਪ ਨਾਲ ਜੁੜੇ ਛੋਟੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਪ੍ਰਭਾਵਿਤ ਵਪਾਰੀਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।