ਚੰਡੀਗੜ੍ਹ :  ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ-ਮਜ਼ਦੂਰਾਂ ਦੇ ਹੱਕ ‘ਚ ਉੱਤਰਨ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦੱਸਿਆ ਹੈ ਕਿ ਆਲ ਇੰਡੀਆ ਨੈਸ਼ਨਲ ਕਾਂਗਰਸ 9 ਦਸੰਬਰ 2022 ਨੂੰ ਦਿੱਲੀ ਵਿੱਖੇ ਜੰਤਰ-ਮੰਤਰ ਵਿਖੇ ਇੱਕ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਹੈ। ਇਹ ਰੋਸ ਪ੍ਰਦਰਸ਼ਨ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ‘ਚ ਕੀਤਾ ਜਾ ਰਿਹਾ ਹੈ ।

ਉਹਨਾਂ ਇਹ ਵੀ ਦੱਸਿਆ ਹੈ ਕਿ ਕਿਸਾਨ ਆਗੂਆਂ ਚੋਂ ਯੋਗੇਂਦਰ ਯਾਦਵ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਖਹਿਰਾ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ।

ਖਹਿਰਾ ਨੇ ਕੇਂਦਰ ਸਰਕਾਰ ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਜਿਹਨਾਂ ਗੱਲਾਂ ਦਾ ਵਾਅਦਾ ਕਰ ਕੇ ਅੰਦੋਲਨ ਖ਼ਤਮ ਕਰਵਾਇਆ ਸੀ,ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਹੈ।

ਖਹਿਰਾ ਨੇ ਸੰਨ 2024 ਵਿੱਚ ਹੋਣ ਵਾਲੀਆਂ ਚੋਣਾਂ ਦੇ ਮੈਨਾਫੈਸਟੋ ‘ਚ ਸ਼ਾਮਲ ਕਰਾਏ ਜਾਣ ਵਾਲੇ ਕੁੱਝ ਨੁੱਕਤੇ ਸਾਰਿਆਂ ਨਾਲ ਸਾਂਝੇ ਕੀਤੇ,ਜਿਸ ਵਿੱਚ ਕੁੱਝ ਕਿਸਾਨੀ ਨਾਲ ਜੁੜੇ ਹੋਏ ਵੀ ਹਨ।

ਸਭ ਤੋਂ ਪਹਿਲੇ ਨੁਕਤੇ ਦੀ ਗੱਲ ਕਰਦਿਆਂ ਉਹਨਾਂ ਐਮਐਸਪੀ ਦਾ ਵਰਣਨ ਕੀਤਾ ਤੇ ਕਿਹਾ ਕਿ ਸਰਕਾਰ ਨੇ ਸਾਰੇ ਦੇਸ਼ ਵਿੱਚ ਐਮਐਸਪੀ ਲਾਗੂ ਕਰਨ ਦੀ ਗੱਲ ਕਹੀ ਸੀ ਪਰ ਇਸ ਲਈ ਬਣੀ ਕਮੇਟੀ ਵਿੱਚ ਸਾਰੀਆਂ ਜਾਅਲੀ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੂੰ ਲਿਆ ਗਿਆ। ਇਸ ਵਿੱਚ ਉਹਨਾਂ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ,ਜਿਹਨਾਂ ਨੂੰ ਖੇਤੀ ਬਾਰੇ ਕੁੱਝ ਵੀ ਪਤਾ ਨਹੀਂ।6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਕਮੇਟੀ ਨੇ ਕੋਈ ਕੰਮ ਨਹੀਂ ਕੀਤਾ ਹੈ।

• ਸਵਾਮੀਨਾਥਨ ਰਿਪੋਰਟ ਦੀ ਗੱਲ ਕਰਦਿਆਂ ਖਹਿਰਾ ਨੇ ਕਿਹਾ ਕਿ 2019 ਵੇਲੇ ਭਾਜਪਾ ਨੇ ਆਪਣੇ ਮੈਨੀਫੈਸਟੋ ਵਿੱਚ ਇਸ ਕਮੇਟੀ ਨੂੰ ਲਾਗੂ ਕਰਨ ਦੀ ਗੱਲ ਰੱਖੀ ਸੀ ਤੇ ਇਹ ਵੀ ਕਿਹਾ ਸੀ ਕਿ 2022 ਤੱਖ ਕਿਸਾਨਾਂ ਦੀ ਆਮਦਨ ਨੂੰ ਦੂਗਣਾ ਕੀਤਾ ਜਾਵੇਗਾ ਪਰ ਸਾਰੇ ਭਾਰਤ ਵਿੱਚ ਕਿਸਾਨ ਕਰਜ਼ੇ ਹੇਠ ਆ ਕੇ ਆਤਮਹੱਤਿਆ ਕਰ ਰਹੇ ਹਨ।

• ਸੁਖਪਾਲ ਖਹਿਰਾ ਨੇ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਭੰਗ ਕਰ ਕੇ ਇਸ ਨੂੰ ਦੁਬਾਰਾ ਬਣਾਉਣ ਦੀ ਮੰਗ ਵੀ ਕੀਤੀ ਹੈ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਇਸ ਨੂੰ ਰੱਦ ਕਰ ਚੁੱਕੀਆਂ ਹਨ।

• ਵੱਧਦੀ ਮਹਿੰਗਾਈ ਦੇ ਹਿਸਾਬ ਨਾਲ ਫਸਲਾਂ ਦੇ ਭਾਅ ਵੀ ਵੱਧਣੇ ਚਾਹਿਦੇ ਹਨ।

• ਕੇਂਦਰ ਸਰਕਾਰ ਨੇ ਕਾਰਪੋਰੈਕਟਰਾਂ ਦਾ 10 ਲੱਖ ਕਰੋੜ ਦੇ ਕਰੀਬ ਕਰਜ਼ਾ ਮਾਫ਼ ਕੀਤਾ ਹੈ,ਜਦੋਂ ਕਿ ਸਾਰੇ ਕਿਸਾਨਾਂ ਦਾ ਕਰਜਾ ਮਿਲਾ ਕੇ ਸਿਰਫ਼ 1 ਲੱਖ ਕਰੋੜ ਬਣਦਾ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਦਾ ਤਾਂ ਇਸ ਤੋਂ ਵੀ ਘੱਟ ਹੈ।ਇਹ ਮਾਫ ਹੋਣਾ ਚਾਹਿਦਾ ਹੈ।

• ਬੈਂਕਾਂ ਵੱਲੋਂ ਕਿਸਾਨਾਂ ਤੋਂ ਲਿਆ ਜਾਣ ਵਾਲੀ ਵਿਆਜ ਦਰ 50 ਫੀਸਦੀ ਘਟਾਇਆ ਜਾਣਾ ਚਾਹਿਦਾ ਹੈ।

• ਬਿਜਲੀ ਸੋਧ ਬਿੱਲ ਲਾਗੂ ਨਹੀਂ ਹੋਣਾ ਚਾਹਿਦਾ

• ਲਖੀਮਪੁਰ ਖੀਰੀ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

• ਫਸਲਾਂ ਦਾ ਬੀਮਾ ਕਰਵਾਇਆ ਜਾਵੇ।ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਨਾਂ ‘ਤੇ ਸਰਕਾਰ ਦਿਖਾਵਾ ਕਰ ਰਹੀ ਹੈ।

• ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਪੈਨਸ਼ਨ ਲਗਣੀ ਚਾਹਿਦੀ ਹੈ।

• ਮਨਰੇਗਾ ਸਕੀਮ ਨੂੰ ਕਿਸਾਨੀ ਖੇਤਰ ਨਾਲ ਜੋੜਿਆ ਜਾਵੇ।ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

• ਗੁਦਾਮਾਂ ਲਈ ਕਾਰਪੋਰੇਟ ਸੁਸਾਇਟੀਆਂ ਬਣਾਈਆਂ ਜਾਣ ਤੇ ਸਰਕਾਰ ਇਸ ਵਿੱਚ ਮਦਦ ਕਰੇ।

 

ਗੋਲਡੀ ਬਰਾੜ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜੁਆਬ ਦਿੰਦੇ ਹੋਏ ਖਹਿਰਾ ਨੇ ਪੰਜਾਬ ਸਰਕਾਰ ਦੇ ਦਾਅਵੇ ਨੂੰ ਬਿਲਕੁਲ ਝੂਠਾ ਦੱਸਿਆ ਹੈ ਤੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਕਾਹਲੀ ਦਿਖਾ ਗਏ ਹਨ। ਜੇਕਰ ਗੋਲਡੀ ਬਰਾੜ ਫੜਿਆ ਵੀ ਜਾਂਦਾ ਹੈ ਤਾਂ ਕੋਰਟ ਵਿੱਚ ਪੇਸ਼ ਕਰਨ ਤੋਂ ਲੈ ਕੇ ਭਾਰਤ ਹਵਾਲੇ ਕਰਨ ਦੀ ਪ੍ਰਕ੍ਰਿਆ ਨੂੰ ਕਾਫੀ ਵਕਤ ਲਗੇਗਾ। ਇਹ ਐਨਾ ਸੌਖਾ ਨਹੀਂ ਹੈ,ਜਿਦਾਂ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ । ਉਹਨਾਂ ਇੱਕ ਕੈਨੈਡੀਅਨ ਪੱਤਰਕਾਰ ਵੱਲੋਂ ਕਥਿਤ ਤੋਰ ‘ਤੇ ਗੋਲਡੀ ਬਰਾੜ ਨਾਲ ਕੀਤੀ ਗਈ ਇੱਕ ਇੰਟਰਵਿਊ ਦਾ ਹਵਾਲਾ ਵੀ ਦਿੱਤਾ ਹੈ,ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਨੇ ਇਸ ਵਿੱਚ ਦਾਅਵਾ ਕੀਤਾ ਹੈ ਕਿ ਉਹ ਆਜ਼ਾਦ ਹੈ ਤੇ ਕਿਸੇ ਨੇ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਵਾਸਤੇ ਇਹ ਨਮੋਸ਼ੀ ਵਾਲੀ ਗੱਲ ਹੈ ਕਿ ਉਹ ਝੂਠੇ ਦਾਅਵੇ ਕਰ ਰਹੀ ਹੈ ।

ਮਨਸੂਰਪੂਰ ਵਿੱਚ ਹੋਈ ਬੇਅਦਬੀ ਦੀ ਘਟਨਾ ਬਾਰੇ ਬੋਲਦਿਆਂ ਉਹਨਾਂ ਮੰਗ ਕੀਤੀ ਕਿ ਇਸ ਤੋਂ ਪਹਿਲਾਂ ਕਿ ਪੰਜਾਬ ਵਿੱਚ 2015 ਵਰਗੇ ਹਾਲਾਤ ਬਣਨ,ਸਰਕਾਰ ਨੂੰ ਦੋਸ਼ੀਆਂ ‘ਤੇ ਕਾਰਵਾਈ ਕਰਨੀ ਚਾਹਿਦੀ ਹੈ ਕਿਉਂਕਿ ਇਹਨਾਂ ਗੱਲਾਂ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਹਨ ।

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ਨਿਸ਼ਾਨਾ ਲਾਉਂਦੇ ਹੋਏ ਮਾਨ ਸਰਕਾਰ ਦੇ ਮੰਤਰੀਆਂ ਨੂੰ ਜੋਕਰ ਕਹਿ ਕੇ ਸੰਬੋਧਨ ਕੀਤਾ ਤੇ ਕਿਹਾ ਕਿ ਸੰਧਵਾਂ ਨੇ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ ਪਰ ਹੁਣ ਡੈਡਲਾਈਨ ਲੰਘ ਗਈ ਹੈ,ਸੰਧਵਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਨਸਾਫ਼ ਤਾਂ ਇਹ ਕਰ ਨਹੀਂ ਸਕੇ ਹਾਲਾਂਕਿ ਕੇਜਰੀਵਾਲ ਨੇ ਤਾਂ 24 ਘੰਟਿਆਂ ਚ ਇਨਸਾਫ਼ ਦੇਣ ਦੀ ਗੱਲ ਕਹੀ ਸੀ।

ਖਹਿਰਾ ਨੇ ਗੈਂਗਸਟਰਾਂ ‘ਤੇ ਬੋਲਦਿਆਂ ਕਿਹਾ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਗੈਂਗਸਟਰ ਪੁਰਾਣੀਆਂ ਸਰਕਾਰਾਂ ਵੇਲੇ ਪੈਦਾ ਹੋਏ ਹਨ ਤਾਂ ਹੁਣ ਮਾਨ ਸਰਕਾਰ ਨੂੰ ਵੀ ਸਾਲ ਹੋ ਜਾਣਾ,ਇਹ ਗੈਂਗਸਟਰਾਂ ਨੂੰ ਨੱਥ ਪਾ ਕਿ ਦਿਖਾਉਣ। ਉਹਨਾਂ ਸਤਿੰਦਰ ਜੈਨ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜੇਕਰ ਉਹ ਜੇਲ੍ਹ ਚ ਮਾਲਿਸ਼ ਕਰਵਾ ਸਕਦਾ ਹੈ, ਵਧੀਆ ਖਾਣਾ ਖਾ ਸਕਦਾ ਹੈ ਤਾਂ ਗੈਂਗਸਟਰ ਉਥੇ ਫੋਨ ਰੱਖ ਕੇ ਆਪਣਾ ਕਾਰੋਬਾਰ ਚੱਲਾ ਸਕਦੇ ਹਨ। ਉਹਨਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਚੈਲੰਜ ਕੀਤਾ ਹੈ ਕਿ ਪਹਲਾਂ ਤਿਹਾੜ ਜੇਲ੍ਹ ਠੀਕ ਕਰ ਕੇ ਦਿਖਾਵੇ।

ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵੱਡਾ ਦਾਅਵਾ ਵੀ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਸਾਰੀਆਂ ਰੇਤੇ ਦੀਆਂ ਖੱਡਾਂ ਤੇ ਕਬਜ਼ਾ ਕਰ ਲਿਆ ਹੈ ਤੇ ਉਹਨਾਂ ਨੂੰ ਆਪ ਚੱਲਾ ਰਹੀ ਹੈ। ਠੇਕੇਦਾਰਾਂ ਨੂੰ ਭਜਾ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਰੇਤੇ ਦਾ ਰੇਟ ਸਾਢੇ 9 ਰੁਪਏ ਰੱਖਿਆ ਹੈ ਪਰ ਵੇਚਿਆ ਸਾਢੇ 11 ਰੁਪਏ ਨੂੰ ਜਾ ਰਿਹਾ ਹੈ। ਸਰਕਾਰ ਜਵਾਬ ਦੇਵੇ ਕਿ ਇਹ ਫਰਕ ਕਿਉਂ ਹੈ? ਸਰਕਾਰ ਦੀ ਮਾਈਨਿੰਗ ਚੋਂ ਆਮਦਨ ਪੈਦਾ ਕਰਨ ਦੀ ਗੱਲ ਵੀ ਝੂਠੀ ਪੈ ਗਈ ਹੈ।

ਖਹਿਰਾ ਨੇ ਹਰ ਫਰੰਟ ਤੇ ਸਰਕਾਰ ਨੂੰ ਫੇਲ ਦੱਸਦਿਆਂ ਪੰਜਾਬ ਵਿੱਚ ਨਸ਼ਿਆਂ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਹੈ ਤੇ ਕਿਹਾ ਹੈ ਕਿ ਨਸ਼ਿਆਂ ਨੂੰ ਠੱਲ ਪੈਣ ਦੀ ਬਜਾਇ ਸਗੋਂ ਹੋਰ ਵਾਧਾ ਹੋਇਆ ਹੈ ਤੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ। ਅੱਜ ਹਾਲਤ ਇਹ ਹੈ ਕਿ ਨੌਜਵਾਨ ਮੁੰਡੇ-ਕੁੜੀਆਂ ਆਪਣੇ ਪੈਰਾਂ ‘ਤੇ ਖੜਨ ਜੋਗੇ ਵੀ ਨਹੀਂ ਰਹੇ ਹਨ।

ਉਹਨਾਂ ਪੰਜਾਬ ਸਰਕਾਰ ਤੇ ਨੌਕਰੀਆਂ ਦਾ ਵਾਅਦਾ ਕਰ ਕੇ ਨੌਕਰੀਆਂ ਨਾ ਦੇਣ ਦਾ ਇਲਜ਼ਾਮ ਵੀ ਲਾਇਆ ਹੈ। ਭਾਜਪਾ ਬਾਰੇ ਦਾਅਵਾ ਕਰਦਿਆਂ ਉਹਨਾਂ ਕਿਹਾ ਕਿ ਇਸ ਪਾਰਟੀ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ ਚਾਹੇ ਉਹ ਜਿੰਨਾ ਮਰਜੀ ਜ਼ੋਰ ਲਾ ਲਵੇ। ਕਾਂਗਰਸ ਪਾਰਟੀ ‘ਚ ਪਈ ਫੁੱਟ ਬਾਰੇ ਵੀ ਖਹਿਰਾ ਨੇ ਵਿਚਾਰ ਸਾਂਝੇ ਕੀਤੇ ਹਨ ਤੇ ਕਿਹਾ ਹੈ ਕਿ ਪਾਰਟੀ ਛੱਡ ਕੇ ਗਏ ਵਰਕਰਾਂ ਨੂੰ ਡਰਾਇਆ ਗਿਆ ਹੈ।

ਆਪਣੀ ਹੀ ਪਾਰਟੀ ਦੇ ਕਾਰਵਾਈ ਖਿਲਾਫ ਬੋਲਦਿਆਂ ਖਹਿਰਾ ਨੇ ਕਮਲਜੀਤ ਬਰਾੜ ਨੂੰ ਬਿਨਾਂ ਨੋਟਿਸ ਪਾਰਟੀ ਤੋਂ ਬਾਹਰ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਨਿਕੀਆਂ-ਨਿਕੀਆਂ ਗੱਲਾਂ ਕਰਕੇ ਇਸ ਤਰਾਂ ਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਠੀਕ ਨਹੀਂ ਹਨ। ਬਰਾੜ ਨੇ ਸਿਰਫ਼ ਅੰਮ੍ਰਿਤਪਾਲ ਦੀ ਵੀਡੀਓ ਹੀ ਸਾਂਝੀ ਕੀਤੀ ਸੀ ਤੇ ਅੰਮ੍ਰਿਤਪਾਲ ਵੀ ਇਸ ਤਰ੍ਹਾਂ ਦਾ ਕਰ ਕੀ ਰਿਹਾ ਹੈ,ਜੋ ਉਸ ਨੂੰ ਅੰਦਰ ਕੀਤਾ ਜਾਵੇ। ਉਹਨਾਂ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਹੈ ਕਿ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਤੇ ਵੀ ਕਾਰਵਾਈ ਹੋਵੇ ਨਹੀਂ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਵੀ ਨਾ ਕੁੱਝ ਕਿਹਾ ਜਾਵੇ।

ਖਹਿਰਾ ਨੇ ਲਾਇਸੈਂਸੀ ਹਥਿਆਰਾਂ ਨੂੰ ਬੈਨ ਕੀਤੇ ਜਾਣ ਦੀ ਗੱਲ ਤੇ ਵੀ ਸਰਕਾਰ ਨੂੰ ਘੇਰਿਆ ਹੈ ਤੇ ਕਿਹਾ ਹੈ ਸਿੱਧੂ ਮੂਸੇ ਵਾਲੇ ਵਾਂਗ ਲੋਕਾਂ ਨੂੰ ਨਿਹੱਥਾ ਕੀਤਾ ਜਾ ਰਿਹਾ ਹੈ ਜਦੋਂ ਕਿ ਵਾਰਦਾਤਾਂ ਨਾਜਾਇਜ਼ ਅਸਲੇ ਨਾਲ ਹੋ ਰਹੀਆਂ ਹਨ।