Punjab

ਪਹਿਲਾਂ ਹੋਈਆਂ ਬੇਅਦਬੀਆਂ ਦਾ ਇਨਸਾਫ਼ ਹੋਇਆ ਹੁੰਦਾ ਤਾਂ ਸੰਗਤ ਚ ਇੰਨਾ ਰੋਸ ਨਹੀਂ ਸੀ ਫੈਲਣਾ : SGPC

ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ,ਪਟਿਆਲਾ ਵਿਖੇ ਹੋਈ ਘਟਨਾ ਦੇ ਮਾਮਲੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਰੱਖਿਆ ਹੈ ਤੇ ਇਸ ਸਾਰੇ ਮਾਮਲੇ ਦੀ ਨਿੰਦਾ ਕੀਤੀ ਹੈ।

ਕਰਤਾਰ ਸਿੰਘ, SGPC ਮੈਂਬਰ ਨੇ ਇਸ ਸੰਬੰਧ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਿਲਾ ਜੋ ਕਿ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀ ਰਹੀ ਸੀ ,ਨੂੰ ਸੇਵਾਦਾਰਾਂ ਤੇ ਸੰਗਤ ਨੇ ਫੜ ਕੇ ਦਫ਼ਤਰ ਵਿੱਚ ਲਿਆਂਦਾ ਪਰ ਇਸ ਤੋਂ ਪਹਿਲਾਂ ਉਸ ਨੇ ਸ਼ਰਾਬ ਦੀ ਬੋਤਲ ਨੂੰ ਤੋੜ ਦਿੱਤਾ ਤੇ ਸੇਵਾਦਾਰਾਂ ‘ਤੇ ਹਮਲਾ ਵੀ ਕੀਤਾ ਸੀ।ਜਿਸ ਕਾਰਨ ਇੱਕ ਸੇਵਾਦਾਰ ਦੀ ਬਾਂਹ ‘ਤੇ ਸੱਟ ਲਗੀ ਹੈ।

ਉਹਨਾਂ ਕਿਹਾ ਕਿ ਦਫ਼ਤਰ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ। ਪੁਲਿਸ ਨੇ ਆ ਕੇ ਮੁੱਢਲੀ ਪੁੱਛਗਿੱਛ ਕੀਤੀ ਤੇ ਜਦੋਂ ਉਸ ਨੂੰ ਲੈ ਕੇ ਜਾਣ ਲੱਗੀ ਤਾਂ ਇੱਕ ਸ਼ਰਧਾਲੂ ਨੇ ਭਾਵਨਾ ਵਿੱਚ ਵਹਿ ਕੇ ਆਪਣੇ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ,ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਸਿੰਘ ਨੇ ਆਪਣੇ ਰਿਵਾਲਵਰ ਸਣੇ ਆਤਮ-ਸਮਰਪਣ ਕਰ ਦਿੱਤਾ।ਇਸ ਸਾਰੀ ਘਟਨਾ ਵਿੱਚ ਇੱਕ ਹੋਰ ਸ਼ਰਧਾਲੂ ਦੇ ਵੀ ਗੋਲੀ ਲੱਗੀ ਹੈ।ਜਿਸ ਦਾ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

ਉਹਨਾਂ ਇਹ ਵੀ ਦੱਸਿਆ ਕਿ ਤਲਾਸ਼ੀ ਲੈਣ ‘ਤੇ ਉਸ ਮਹਿਲਾ ਦੇ ਬੈਗ ਵਿੱਚੋਂ ਜ਼ਰਦੇ ਦੀਆਂ ਪੁੜੀਆਂ ਤੇ ਨਸ਼ੇ ਦੀਆਂ ਗੋਲੀਆਂ ਵੀ ਮਿਲੀਆਂ।ਇਸ ਦੀ ਲਾਸ਼ ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ ਤੇ ਫਿਲਹਾਲ ਇਸ ਦਾ ਕੋਈ ਵੀ ਵਾਰਸ ਸਾਹਮਣੇ ਨਹੀਂ ਆਇਆ ਹੈ।

ਉਹਨਾਂ ਸਰਕਾਰ ‘ਤੇ ਇਲਜ਼ਾਮ ਲਾਇਆ ਹੈ ਕਿ ਪਹਿਲਾਂ ਤੋਂ ਹੀ ਹੋ ਰਹੀਆਂ ਬੇਅਦਬੀਆਂ ਦਾ ਜੇਕਰ ਇਨਸਾਫ਼ ਹੋਇਆ ਹੁੰਦਾ ਤਾਂ ਲੋਕਾਂ ਵਿੱਚ ਇੰਨਾ ਰੋਸ ਨਹੀਂ ਸੀ ਫੈਲਣਾ। ਸਰਕਾਰੀ ਤੰਤਰ ਤੋਂ ਨਿਰਾਸ਼ ਹੋ ਕੇ ਹੁਣ ਸੰਗਤ ਆਪ ਸਜ਼ਾ ਦੇਣ ਬਾਰੇ ਫੈਸਲਾ ਕਰਨ ਲੱਗ ਪਈ ਹੈ।ਇਹ ਘਟਨਾ ਵੀ ਗੁਰੂਘਰਾਂ ‘ਚ ਹੋ ਰਹੀਆਂ ਬੇਅਦਬੀਆਂ ਦਾ ਪ੍ਰਤੀਕਰਮ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਬੇਅਦਬੀਆਂ ਰੋਕਣ ਸੰਬੰਧੀ ਕੀਤੇ ਜਾ ਰਹੇ ਯਤਨਾਂ ਸੰਬੰਧੀ ਸਵਾਲ ਪੁੱਛੇ ਜਾਣ ‘ਤੇ ਉਹਨਾਂ ਜਾਣਕਾਰੀ ਦਿੱਤੀ ਕਿ ਆਮ ਤੌਰ ਤੇ ਗੁਰੂਘਰਾਂ ਵਿੱਚ ਸੇਵਾਦਾਰ ਚੁਕੰਨੇ ਰਹਿੰਦੇ ਹਨ ਪਰ ਸੰਗਤ ਦੇ ਰੂਪ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਤਲਾਸ਼ੀ ਵੀ ਨਹੀਂ ਲਈ ਜਾ ਸਕਦੀ। ਫਿਰ ਵੀ ਕਮੇਟੀ ਖਾਸ ਤੌਰ ਤੇ ਇਹ ਫੈਸਲਾ ਲੈ ਰਹੀ ਹੈ ਕਿ ਗੁਰੂਘਰਾਂ ਦੇ ਐਂਟਰੀ ਵਾਲੀ ਜਗਾ ਤੇ ਅਜਿਹਾ ਯੰਤਰ ਲਾਏ ਜਾਣਗੇ ,ਜਿਸ ਨਾਲ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ।

ਉਹਨਾਂ ਇਹ ਸਾਫ਼ ਕੀਤਾ ਹੈ ਕਿ ਮਹਿਲਾ ਨੂੰ ਗੋਲੀ ਗੁਰਦੁਆਰਾ ਸਾਹਿਬ ਤੋਂ ਬਾਹਰ ਮਾਰੀ ਗਈ ਹੈ ,ਜਦੋਂ ਪੁਲਿਸ ਉਸ ਨੂੰ ਲੈ ਕੇ ਜਾ ਰਹੀ ਸੀ,ਨਾ ਕਿ ਪਰਕਰਮਾ ‘ਚ,ਜਿਵੇਂ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।