‘ਦ ਖ਼ਾਲਸ ਬਿਊਰੋ:- ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ਵਿੱਚੋਂ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਸਲੇ ਨੂੰ ਲੈ ਕੇ ਅੱਜ SGPC ਵੱਲੋਂ ਅੰਤ੍ਰਿਮ ਬੈਠਕ ਬੁਲਾਈ ਗਈ, ਜਿਸ ਤੋਂ ਬਾਅਦ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ SGPC ਵੱਲੋਂ ਇੱਕ ਮਤਾ ਪਾਸ ਕੀਤਾ ਹੈ ਜਿਸ ਮੁਤਾਬਿਕ ਨਿਰਪੱਖ ਜਾਂਚ ਪੜਤਾਲ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਦਿੱਤਾ ਗਿਆ ਹੈ।

ਲੌਂਗੋਵਾਲ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਉਹ ਕਿਸੇ ਰਿਟਾਇਰਡ ਜੱਜ ਜਾਂ ਕਿਸੇ ਉਚ ਅਹੁਦੇ ਦੇ ਸਿੱਖ ਸੇਵਕ ਤੋਂ ਕਰਵਾਉਣ।

ਹਾਲਾਂਕਿ SGPC ਵੱਲੋਂ ਵੀ ਜਾਂਚ ਲਈ ਇੱਕ ਸਬ ਕਮੇਟੀ ਬਣਾਈ ਗਈ ਸੀ ਪਰ ਨਿਰਪੱਖ ਜਾਂਚ ਲਈ ਇਹ ਇਹ ਮਸਲਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੌਂਪਿਆ ਗਿਆ ਹੈ। ਲੌਂਗੋਵਾਲ ਨੇ ਕਿਹਾ ਅਸੀਂ ਵੀ ਚਾਹੁੰਦੇ ਹਾਂ ਕਿ ਅਸਲ ਦੋਸ਼ੀਆਂ ਨੂੰ ਸਿੱਖ ਸੰਗਤ ਦੇ ਮੂਹਰੇ ਲਿਆਦਾ ਜਾਵੇ। ਚਾਹੇ ਉਹ ਕੋਈ ਲੀਡਰ ਹੋਵੇ ਚਾਹੇ SGPC ਦਾ ਕੋਈ ਵੀ ਅਧਿਕਾਰੀ ਹੋਵੇ ਜੋ ਇਸ ਮਾਮਲੇ ‘ਚ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ‘ਤੇ ਉਗਲ ਚੁੱਕਣ ਵਾਲਿਆਂ ਅਤੇ ਵਿਰੋਧੀਆਂ ਦੇ ਮੂੰਹ ਬੰਦ ਹੋ ਸਕਣ।

ਇਹ ਮੰਦਭਾਗੀ ਘਟਨਾ 19 ਮਈ 2016 ਨੂੰ ਵਾਪਰੀ ਸੀ ਉਸ ਸਮੇਂ SGPC ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਨ ਅਤੇ ਇਸ ਪੂਰੀ ਘਟਨਾ ਬਾਰੇ ਖੁਲਾਸਾ ਗੁਰਦੁਆਰਾ ਸ਼੍ਰੀ ਗੁਰੂ ਰਾਮਸਰ ਸਾਹਿਬ ਤੋਂ ਰਿਟਾਇਰ ਹੋਏ ਮੁਲਾਜ਼ਮ ਕੰਵਲਜੀਤ ਸਿੰਘ ਨੇ ਕੀਤਾ ਹੈ।