India

ਹੁਣ ਇਸ ਸੂਬੇ ਦੇ ਸਰਪੰਚਾਂ ਨੇ ਤੋੜੇ ਬੈਰੀਕੇਡ,ਆਹ ਮੰਗਾਂ ਨੂੰ ਲੈ ਕੇ ਹੋਇਆ ਚੰਡੀਗੜ੍ਹ ਦੀ ਹੱਦ ‘ਤੇ ਜ਼ਬਰਦਸਤ ਹੰਗਾਮਾ

ਪੰਚਕੂਲਾ : ਈ-ਟੈਂਡਰਿੰਗ ਦੇ ਵਿਰੋਧ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਪਿੰਡਾਂ ਦੇ ਸਰਪੰਚਾਂ ਨੇ ਅੱਜ ਪੰਚਕੂਲਾ-ਚੰਡੀਗੜ੍ਹ ਹੱਦ ਨੂੰ ਜਾਮ ਕਰ ਦਿੱਤਾ ਤੇ ਰੋਸ ਪ੍ਰਦਰਸ਼ਨ ਕੀਤਾ।ਪੰਜਾਬ ਦੇ ਇਸ ਗੁਆਂਢੀ ਸੂਬੇ ਦੇ 6000 ਪਿੰਡਾਂ ਦੇ ਚੁਣੇ ਹੋਏ ਮੁਖੀਆਂ ਨੇ ਹਜਾਰਾਂ ਦੀ ਸੰਖਿਆ ਵਿੱਚ ਇਕੱਠੇ ਹੋ ਕੇ ਹਰਿਆਣਾ ਪੁਲਿਸ ਦੇ ਬੈਰੀਕੇਡ ਵੀ ਤੋੜ ਦਿੱਤੇ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਰਿਹਾਇਸ਼ ਵੱਲ ਵੱਧਣਾ ਸ਼ੁਰੂ ਕਰ ਦਿੱਤਾ।

ਇਸ ਤੋਂ ਅੱਗੇ ਰਾਜਧਾਨੀ ਚੰਡੀਗੜ੍ਹ ਤੇ ਪੰਚਕੂਲਾ ਦੀ ਹੱਦ ‘ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਲਾਏ ਬੈਰੀਕੇਡਾਂ ‘ਤੇ ਪੁਲਿਸ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ ਹੋਈ। ਇਕੱਠੀ ਹੋਈ ਭੀੜ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਪਾਣੀ ਦੀਆਂ ਬੁਛਾਰਾਂ ਦਾ ਵੀ ਇਸਤੇਮਾਲ ਕੀਤਾ ਗਿਆ। ਇਥੋਂ ਤੱਕ ਕਿ ਬਜ਼ੁਰਗਾਂ ਤੇ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ । ਇਸ ਦੌਰਾਨ ਕਈਆਂ ਦੇ ਸੱਟਾਂ ਲਗੀਆਂ ਪਰ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਰਹੇ ਤੇ ਉਥੇ ਹੀ ਧਰਨਾ ਲਾ ਕੇ ਬੈਠ ਗਏ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਰਪੰਚਾਂ ਵੱਲੋਂ ਲਗਾਤਾਰ ਈ ਟੈਂਡਰਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੋਰ ਵੀ ਕਈ ਮੰਗਾ ਹਨ,ਜਿਹਨਾਂ ਨੂੰ ਲੈ ਕੇ ਇਹ ਮਸਲਾ ਲਗਾਤਾਰ ਗਰਮਾਇਆ ਹੋਇਆ ਹੈ ਤੇ ਜਿਸ ਕਾਰਨ ਸਰਪੰਚਾਂ ਤੇ ਪੁਲਿਸ ਵਿਚਾਲੇ ਤਣਾਅ ਵਾਲੇ ਹਾਲਾਤ ਬਣੇ  ਤੇ ਇਹ ਆਹਮੋ-ਸਾਹਮਣੇ ਹੋ ਗਏ ।ਇਸ ਪ੍ਰਦਰਸ਼ਨ ਵਿੱਚ ਕਈ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਕਿਸਾਨ ਨੇਤਾ ਗੁਰਨਾਮ ਸਿੰਘ ਚੜੂੰਨੀ ਨੇ ਵੀ ਸਰਪੰਚਾਂ ‘ਤੇ ਕੀਤੇ ਲਾਠੀਚਾਰਜ ਦਾ ਵਿਰੋਧ ਕੀਤਾ ਹੈ ।

https://twitter.com/GurnamsinghBku/status/1630906116401139713?s=20

ਇਸ ਤੋਂ ਕੁਝ ਦਿਨ ਪਹਿਲਾਂ ਹਰਿਆਣੇ ਦੇ ਪੰਚਾਇਤ ਮੰਤਰੀ ਨਾਲ ਵੀ ਮੰਗਾ ਨੂੰ ਲੈ ਕੇ ਜਥੇਬੰਦੀ ਆਗੂਆਂ ਦੀ ਮੀਟਿੰਗ ਹੋਈ ਸੀ ,ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਜਿਸ ਕਾਰਨ ਪਹਿਲਾਂ ਦਿੱਤੇ ਗਏ ਸੱਦੇ ਦੇ ਅਨੁਸਾਰ ਪ੍ਰਦਰਸ਼ਨਕਾਰੀ ਪਹਿਲਾਂ ਸ਼ਾਲੀਮਾਰ ਪਾਰਕ ਵਿੱਚ ਇਕੱਠੇ ਹੋਏ ਤੇ ਉਸ ਮਗਰੋਂ ਇਹਨਾਂ ਨੇ ਚੰਡੀਗੜ੍ਹ ਵਿੱਖੇ ਮੁੱਖ ਮੰਤਰੀ ਹਰਿਆਣਾ ਦੀ ਰਿਹਾਇਸ਼ ਵੱਲ ਚਾਲੇ ਪਾ ਦਿੱਤੇ ,ਜਿਸ ਮਗਰੋਂ ਬੈਰੀਕੇਡਾਂ ‘ਤੇ ਚੰਡੀਗੜ੍ਹ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਉਥੇ ਹੀ ਬੈਠਣ ਦਾ ਫੈਸਲਾ ਲੈ ਲਿਆ।