Punjab Religion

ਵਿਵਾਦਿਤ ਫਿਲਮ ਦਾਸਤਾਨ-ਏ-ਸਰਹਿੰਦ ਦੀ ਰਿਲੀਜ਼ ਰੁਕੀ

The release of the controversial film Dastan-e-Sirhind was stopped

‘ਦ ਖ਼ਾਲਸ ਬਿਊਰੋ : ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਉੱਤੇ ਬਣੀ ਐਨੀਮੇਟਿਡ ਫਿਲਮ ਦਾਸਤਾਨ-ਏ-ਸਰਹਿੰਦ ਕੱਲ੍ਹ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕਾਂ ਨੇ ਇਸ ਫਿਲਮ ਨੂੰ ਹਾਲ ਦੀ ਘੜੀ ਰਿਲੀਜ਼ ਨੂੰ ਟਾਲ ਦਿੱਤਾ ਹੈ। ਇਹ ਸਿੱਖ ਸੰਗਤ ਦੀ ਵੱਡੀ ਜਿੱਤ ਹੋਈ ਹੈ।

ਇੱਕ ਦਿਨ ਪਹਿਲਾਂ ਹੀ ਸਿੱਖ ਸੰਗਤ ਦੇ ਤਿੱਖੇ ਵਿਰੋਧ ਤੋਂ ਬਾਅਦ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪੰਜਾਬ ਸਰਕਾਰ ਨੂੰ ਇਸ ਫਿਲਮ ਉੱਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਕੱਲ ਹੀ ਸਿੱਖ ਜਥੇਬੰਦੀਆਂ ਵੱਲੋਂ ਧਾਮੀ ਨੂੰ ਸੰਗਤ ਦਾ ਹੁਕਮ ਸੌਂਪਿਆ ਗਿਆ ਸੀ। ਇਸ ਫਿਲਮ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਜੀਵਤ ਰੂਪ ਵਿੱਚ ਦਿਖਾਇਆ ਗਿਆ ਹੈ, ਜੋ ਕਿ ਸਿੱਖ ਮਰਿਆਦਾ ਦੇ ਉਲਟ ਹੈ।

ਲੰਘੇ ਕੱਲ੍ਹ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਇਸ ਫਿਲਮ ਵਿਚ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਿਲਮਾਇਆ ਗਿਆ ਹੈ, ਜਿਸ ਕਾਰਨ ਸੰਗਤ ਅੰਦਰ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਫਿਲਮ ਨੂੰ ਜਾਰੀ ਹੋਣ ਤੋਂ ਰੋਕਣ ਸਬੰਧੀ ਕਈ ਜਥੇਬੰਦੀਆਂ ਅਤੇ ਸੰਗਤ ਵੱਲੋਂ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।

ਕੁਝ ਦਿਨ ਪਹਿਲਾਂ ਪਟਿਆਲਾ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਚੌਂਕ ਵਿਖੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਕੱਠੇ ਹੋ ਕੇ ਫਿਲਮ ਦਾ ਵਿਰੋਧ ਕੀਤਾ ਸੀ।

ਨੌਜਵਾਨਾਂ ਨੇ ਕਿਹਾ ਸੀ ਕਿ ਗੁਰੂ ਪਰਿਵਾਰ ਨੂੰ ਤਸਵੀਰਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਬੁੱਤਪ੍ਰਸਤੀ ਵੱਲ ਧੱਕ ਰਹੀਆਂ ਹਨ। ਕਈਆਂ ਨੇ ਇਸਨੂੰ ਰਾਮਲੀਲਾ ਕਰਨ ਵਾਂਗ ਕਰਾਰ ਦਿੱਤਾ। ਨੌਜਵਾਨਾਂ ਨੇ ਅਜਿਹੀਆਂ ਫਿਲਮਾਂ ਨਾ ਬਣਨ ਦੇਣ ਲਈ ਹੁਕਮਨਾਮਾ ਜਾਰੀ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗੁਰੂ ਸਾਹਿਬ ਜੀ, ਉਨ੍ਹਾਂ ਦੇ ਪਰਿਵਾਰ, ਅਨੇਕਾਂ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਕਿਰਦਾਰ ਕੋਈ ਵੀ ਨਹੀਂ ਨਿਭਾ ਸਕਦਾ।