ਚੰਡੀਗੜ੍ਹ : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਪੇਪਰ-2 ਦੀ ਪ੍ਰੀਖਿਆ ਹੁਣ 30 ਅਪ੍ਰੈਲ ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਐਤਵਾਰ ਨੂੰ ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ ਜਾਰੀ ਕੀਤੀ ਗਈ। ਇਹ ਪ੍ਰੀਖਿਆ 30 ਅਪ੍ਰੈਲ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗੀ।
ਦੱਸ ਦੇਈਏ ਕਿ ਇਹ ਪਹਿਲਾਂ ਵੀ ਹੋਈ ਸੀ ਪਰ ਪੇਪਰਾਂ ਵਿੱਚ ਗੜਬੜੀ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਨਵੀਂ ਤਰੀਕ ਜਾਰੀ ਹੋਈ ਹੈ। ਖਾਸ ਗੱਲ ਇਹ ਹੈ ਕਿ ਦੋਬਾਰਾ ਹੋਣ ਵਾਲੀ ਪ੍ਰੀਖਿਆ ਲਈ ਉਮੀਦਵਾਰਾਂ ਤੋਂ ਫੀਸ ਨਹੀਂ ਵਸੂਲੀ ਜਾਵੇਗੀ।
ਜਾਰੀ ਸੂਚਨ ਵਿੱਚ ਉਮੀਦਵਾਰਾਂ ਨੂੰ ਪੇਪਰ ਨਾਲ ਸਬੰਧਤ ਅੱਪਡੇਟ ਲਈ ਸਮੇਂ-ਸਮੇਂ ‘ਤੇ ਕੌਂਸਲ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਯੂਨੀਵਰਸਿਟੀ ਬਿਨਾਂ ਕਿਸੇ ਫੀਸ ਦੇ ਇਹ ਪੇਪਰ ਦੁਬਾਰਾ ਕਰਵਾਏਗੀ।
ਇਸ ਵਜ੍ਹਾ ਕਾਰਨ ਰੱਦ ਹੋਇਆ ਸੀ ਪੈਪਰ
ਪੰਜਾਬ ਸਰਕਾਰ ਨੇ 12 ਮਾਰਚ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਨੂੰ ਪੀਐਸਟੀਈਟੀ ਸੋਸ਼ਲ ਸਟੱਡੀਜ਼ ਪੇਪਰ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਪੇਪਰ ਖਤਮ ਹੋਣ ਤੋਂ ਤੁਰੰਤ ਬਾਅਦ, ਕਈ ਪ੍ਰੀਖਿਆਰਥੀਆਂ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਪੇਪਰ ਵਿੱਚ ਕਈ ਗਲਤੀਆਂ ਸਨ। ਪੇਪਰ ਵਿੱਚ ਦਿੱਤੇ ਗਏ 60 ਸਵਾਲਾਂ ਦੇ ਜਵਾਬ ਗੂੜ੍ਹੇ ਰੰਗ ਵਿੱਚ ਹਾਈਲਾਈਟ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 60 ਫੀਸਦੀ ਸਵਾਲਾਂ ਦੇ ਸਹੀ ਜਵਾਬ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ। ਪੇਪਰ ਵਿੱਚ ਕਈ ਸ਼ਬਦਾਵਲੀ ਅਤੇ ਸੰਟੈਕਟਿਕ ਗਲਤੀਆਂ ਵੀ ਸਨ। ਵਿਵਾਦ ਵਧਣ ਦੇ ਅਗਲੇ ਹੀ ਦਿਨ ਸੂਬਾ ਸਰਕਾਰ ਨੇ ਪ੍ਰੀਖਿਆ ਰੱਦ ਕਰ ਦਿੱਤੀ।
ਪ੍ਰੋਫੈਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ
ਪੇਪਰ ਵਿੱਚ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਕਈ ਪ੍ਰੋਫੈਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਮੁੱਖ ਸਕੱਤਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਹੈ, ਜਿਸ ਨੂੰ ਇਸ ਪੂਰੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਦੀ ਸ਼ਨਾਖਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਪ੍ਰੀਖਿਆ ਵਿੱਚ ਲਗਭਗ ਇੱਕ ਲੱਖ ਉਮੀਦਵਾਰਾਂ ਨੇ ਭਾਗ ਲਿਆ।