India International

ਭਾਰਤੀ ਰਾਜਦੂਤ ਨੂੰ ਮਿਲਿਆ ‘ਸਿੱਖ ਹੀਰੋ ਐਵਾਰਡ’; ਕਿਹਾ “ਖਾਲਸਾ ਵੰਡੀਆਂ ਪਾਉਣ ਵਾਲੀ ਨਹੀਂ, ਜੋੜਨ ਵਾਲੀ ਸ਼ਕਤੀ”

Indian Ambassador receives 'Sikh Hero Award'; Said "Khalsa is not a dividing force, a unifying force"

ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ (Taranjeet Singh Sandhu) ਨੇ ਕਿਹਾ ਹੈ ਕਿ ਖਾਲਸਾ ਇੱਕ ਅਜਿਹੀ ਸ਼ਕਤੀ ਹੈ ਜੋ ਇੱਕਜੁੱਟ ਕਰਦੀ, ਨਾ ਕਿ ਵੰਡੀ ਪਾਉਣ ਦਾ ਕੰਮ ਕਰਦੀ। ਉਨ੍ਹਾਂ ਨੇ ਇਹ ਟਿੱਪਣੀ ਭਾਰਤ ਵਿਰੋਧੀ ਪੱਖੀ ਸਮਰਥਕਾਂ ਦੇ ਇੱਕ ਛੋਟੇ ਜਿਹੇ ਗਰੁੱਪ ਵੱਲੋਂ ਭਾਰਤੀ ਮਿਸ਼ਨਾਂ ਵਿੱਚ ਕੀਤੀ ਹਿੰਸਾ ਦੀਆਂ ਘਟਨਾਵਾਂ ਤੋਂ ਕੁੱਝ ਦਿਨ ਬਾਅਦ ਕੀਤੀ ਹੈ। ਉਹ ਸਿੱਖਸ ਆਫ ਅਮਰੀਕਾ ਵੱਲੋਂ ਉੱਘੀਆਂ ਸਿੱਖ ਸ਼ਖਸੀਅਤਾਂ ਨੂੰ ਵੱਕਾਰੀ ‘ਸਿੱਖ ਹੀਰੋ ਐਵਾਰਡ’ ( Sikh Hero Award)  ਦੇਣ ਸਬੰਧੀ ਕਰਵਾਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ, ”ਖਾਲਸੇ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ‘ਤੇ ਇਕਜੁੱਟ ਹੋਣ ਲਈ ਕੀਤੀ ਸੀ, ਨਾ ਕਿ ਵੰਡੀਆਂ ਪਾਉਣ ਲਈ। ਮਹੱਤਵਪੂਰਨ ਗੱਲ ਇਹ ਹੈ ਕਿ ਖਾਲਸਾ ਪੰਥ ਦੀ ਸਥਾਪਨਾ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਕੀਤੀ ਸੀ।”

ਅਮਰੀਕਾ ਵਿੱਚ ਭਾਰਤੀ ਰਾਜਦੂਤ ਨੇ ਕਿਹਾ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਮੂਲ ਸਿਧਾਂਤ ਸਰਬ-ਵਿਆਪਕਤਾ, ਏਕਤਾ, ਬਰਾਬਰੀ, ਇਮਾਨਦਾਰੀ ਨਾਲ ਰਹਿਣਾ, ਸੇਵਾ, ਸਿਮਰਨ, ਮਨ ਦੀ ਸ਼ਾਂਤੀ ਅਤੇ ਲੋਕਾਂ ਪ੍ਰਤੀ ਸਦਭਾਵਨਾ ਹਨ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ’ਤੇ ਲਹਿਰਾਇਆ ਗਿਆ ਖ਼ਾਲਸਾਈ ਝੰਡਾ ਅਤੇ ਨਿਸ਼ਾਨ ਸਾਹਿਬ ਏਕਤਾ, ਸ਼ਾਂਤੀ ਅਤੇ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ। ਭਾਰਤੀ ਡਿਪਲੋਮੈਟ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਧਰਮ ਸ਼ਮੂਲੀਅਤ, ਭਾਈਚਾਰੇ, ਪਿਆਰ, ਬਰਾਬਰੀ ਦਾ ਧਰਮ ਹੈ। ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਆਸਟ੍ਰੇਲੀਆ ਵਿੱਚ ਵੱਖਵਾਦੀਆਂ ਦੇ ਇੱਕ ਸਮੂਹ ਵੱਲੋਂ ਕੀਤੇ ਜਾ ਰਹੇ ਹਿੰਸਕ ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਸਾਨੂੰ ਇਨ੍ਹਾਂ ਮੂਲ ਕਦਰਾਂ-ਕੀਮਤਾਂ ‘ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਵਰਚੁਅਲ ਮੀਡੀਆ ਦੁਆਰਾ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾ ਰਹੇ ਕੰਮ ਵੱਲ।

ਆਪਣੇ ਭਾਸ਼ਣ ਵਿੱਚ ਸੰਧੂ ਨੇ ਸਿੱਖ ਭਾਈਚਾਰੇ ਨੂੰ ਭਾਰਤ ਦੇ ਵਿਕਾਸ ਵਿੱਚ ਇਕੱਠੇ ਹੋਣ ਅਤੇ ਦੇਸ਼ ਦੀ ਆਰਥਿਕਤਾ, ਡਿਜੀਟਾਈਜ਼ੇਸ਼ਨ, ਸਿਹਤ ਅਤੇ ਉੱਦਮਤਾ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਤਾਂ ਵਿੱਚ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਭਾਰਤ ਵਿੱਚ ਆ ਰਹੀ ਆਰਥਿਕ, ਵਿੱਤੀ, ਤਕਨੀਕੀ ਅਤੇ ਡਿਜੀਟਲ ਕ੍ਰਾਂਤੀ ਵਿੱਚ ਸ਼ਾਮਲ ਹੋਣ ਦੀ ਲੋੜ ਹੈ, ਜਿਹੜੀ ਕਿ ਭਾਰਤ ਵਿੱਚ ਹੋ ਰਹੀ ਹੈ।

ਸੰਧੂ ਨੇ ਕਿਹਾ, “ਸਰਕਾਰ, ਲੋਕਾਂ ਅਤੇ ਖਾਸ ਤੌਰ ‘ਤੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਅਮਰੀਕਾ ਦੇ ਨਾਲ ਵਧ ਰਹੀ ਸਾਂਝੇਦਾਰੀ ਦਾ ਲਾਭ ਉਠਾਉਣ ਦੀ ਲੋੜ ਹੈ, ਜਿਸਦੀ ਕੋਸ਼ਿਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਕਰਨ ਕਰ ਰਹੇ ਹਨ।”