Punjab

ਜ਼ੀਰਾ ਮੋਰਚਾ : ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਧਰਨਾਕਾਰੀ ਹੋਏ ਰਿਹਾਅ

ਜ਼ੀਰਾ: ਜ਼ੀਰਾ ਮੋਰਚੇ ‘ਚ ਵਿਰੋਧ ਪ੍ਰਦਰਸ਼ਨ ਵੇਲੇ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਇਹ ਖ਼ਬਰ ਮੋਰਚੇ ਦੀ ਹਰ ਅਪਡੇਟ ਦੇ ਰਹੇ tractor to twitter ਅਕਾਊਂਟ ਤੇ ਸਾਂਝੀ ਕੀਤੀ ਗਈ ਹੈ । ਵਰਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਬਿਨਾਂ ਕਿਸੇ ਗੁਨਾਹ ਤੋਂ ਗ੍ਰਿਫਤਾਰ ਕੀਤੇ ਨੌਜਵਾਨ ਪਰਪ੍ਰੀਤ ਅਤੇ ਮਾਤਾ ਗੁਰਮੀਤ ਕੌਰ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ 20 ਦਸੰਬਰ ਨੂੰ ਪਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਇੱਕ ਨੌਜਵਾਨ ਪਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਮੋਰਚੇ ਦੇ ਆਗੂਆਂ ਨੇ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਉਕਤ ਨੌਜਵਾਨ, ਜੋ ਕਿ ਪਿੰਡ ਰਟੌਲ ਰੋਹੀ ਦਾ ਹੀ ਵਾਸੀ ਹੈ, ਦੀ ਇਸ ਪਿੰਡ ਵਿੱਚ ਹੀ ਰੈਡੀਮੇਡ ਕੱਪੜੇ ਦੀ ਦੁਕਾਨ ਸੀ,ਜਿਸ ਦਾ ਨਾਂ ਖਾਲਸਾ ਕਲਾਥ ਹਾਊਸ ਦੱਸਿਆ ਜਾ ਰਿਹਾ ਹੈ। ਆਈਪੀਐਸ ਦੀ ਤਿਆਰੀ ਕਰ ਰਿਹਾ ਉਕਤ ਨੌਜਵਾਨ ਆਪਣੀ ਦੁਕਾਨ ਅੱਗੇ ਖੜਾ ਸੀ ਤਾਂ ਪੁਲਿਸ ਨੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਇਸਨੂੰ ਬੱਸ ਵਿੱਚ ਸੁੱਟ ਲਿਆ ਅਤੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ ਸੀ।

 

ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖ਼ਬਰ ਹੈ,ਜੋ ਕਿ ਇਸ ਮੋਰਚੇ ਨਾਲ ਸਬੰਧਤ ਹੈ, ਕਿਸਾਨ ਅੰਦੋਲਨ ਵੇਲੇ ਲੱਗੇ ਮੋਰਚੇ ਵਾਂਗ ਇਸ ਮੋਰਚੇ ਦੇ ਚਰਚੇ ਵੀ ਹੁਣ ਵਿਦੇਸ਼ਾਂ ਵਿੱਚ ਹੋਣ ਲੱਗ ਪਏ ਹਨ। ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਖੇ ਵੀ ਉਥੋਂ ਦੇ ਪੰਜਾਬੀ ਭਾਈਚਾਰੇ ਵਲੋਂ ਵੀ ਫੈਕਟਰੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੋਰਚੇ ਨੂੰ ਖੁੱਲੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ।