Punjab

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ

ਪੰਜਾਬ ਵਿਧਾਨ ਸਭਾ ਦੇ ਤੇਰ੍ਹਵੇਂ ਇਜਲਾਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸਵੇਰੇ ਨਿਸ਼ਚਿਤ ਸਮੇਂ ਪ੍ਰਸ਼ਨ ਕਾਲ ਨਾਲ ਸ਼ੁਰੂ ਹੋਈ। ਕਾਂਗਰਸੀ ਵਿਧਾਇਕ ਮੁੜ ਕਾਲੇ ਪਰਨੇ ਪਾ ਕੇ ਪਹੁੰਚੇ।

ਪ੍ਰਤਾਪ ਬਾਜਵਾ ਨੇ ਚੁੱਕਿਆ (DA) ਦੇ ਬਕਾਏ ਦਾ ਮੁੱਦਾ

ਮੌਨਸੂਨ ਇਜਲਾਸ ਦੌਰਾਨ ਸਿਫ਼ਰ ਕਾਲ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਭੁਗਤਾਨ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਕਿ ਸਰਕਾਰ ਪੰਦਰਾਂ ਦਿਨਾਂ ਵਿੱਚ ਅਦਾਇਗੀ ਕਰੇ।

ਮਨਪ੍ਰੀਤ ਸਿੰਘ ਇਯਾਲੀ ਨੇ ਚੁੱਕਿਆ MP ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦਾ ਮੁੱਦਾ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਨੂੰ ਸੌਂਪੇ ਮੰਗ ਪੱਤਰ ਉੱਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਸਰਕਾਰ ਉੱਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਵਾਰ ਵਾਰ ਪੈਰੋਲ ਮਿਲ ਰਹੀ ਹੈ ਪਰ ਬੰਦੀ ਸਿੰਘਾਂ ਨੂੰ ਇਨਕਾਰ ਕੀਤਾ ਜਾ ਰਿਹਾ ਹੈ।

ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਸਾਨਾਂ ਨਾਲ ਜੁੜਿਆ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇੱਕੋ ਪਰਿਵਾਰ ਵਿੱਚ ਦੋ ਜਾਂ ਵੱਧ ਭਰਾ ਜ਼ਮੀਨ ਵੰਡ ਤੋਂ ਬਾਅਦ ਅਲੱਗ ਹੋਣ ਉੱਤੇ ਸਾਂਝੇ ਟਿਊਬਵੈੱਲ ਕੁਨੈਕਸ਼ਨ ਵੰਡ ਕਰਵਾਉਣ ਵਿੱਚ ਭਾਰੀ ਦਿੱਕਤਾਂ ਆਉਂਦੀਆਂ ਹਨ ਅਤੇ ਮੰਗ ਕੀਤੀ ਕਿ ਕੁਨੈਕਸ਼ਨ ਵੰਡ ਦੀ ਵਿਵਸਥਾ ਕੀਤੀ ਜਾਵੇ। ਇਸ ਤਰ੍ਹਾਂ ਦੂਜੇ ਦਿਨ ਸਿਫ਼ਰ ਕਾਲ ਵਿੱਚ ਮਹੱਤਵਪੂਰਨ ਮੁੱਦੇ ਚੁੱਕੇ ਗਏ।

ਵਿਧਾਇਕ ਪ੍ਰਗਟ ਸਿੰਘ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਘਪਲੇ ਦੀ ਜਾਂਚ ਮੰਗੀ

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵਿੱਚ ਹੋਈਆਂ ਕਥਿਤ ਗੜਬੜੀਆਂ ਅਤੇ ਘਪਲਿਆਂ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ। ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀ ਵਿੱਚ ਹੋਏ ਇਨ੍ਹਾਂ ਘਪਲਿਆਂ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਬਰਨਾਲਾ ਤੇ ਪਟਿਆਲਾ ਲਾਠੀਚਾਰਜ ਨੂੰ ਲੈ ਕੇ ਸਦਨ ਵਿੱਚ ਨਿੰਦਾ ਮਤਾ ਲਿਆਉਣ ਦੀ ਮੰਗ ਕੀਤੀ ।

MLA ਕੁਲਵੰਤ ਸਿੰਘ ਸਿੱਧੂ ਨੇ ਚੁੱਕਿਆ ਹੁਸ਼ਿਆਰਪੁਰ ਦਾ ਨਾਮ ‘ਸ੍ਰੀ ਗੁਰੂ ਰਵਿਦਾਸ ਨਗਰ’ ਰੱਖਣ ਦਾ ਮੁੱਦਾ

ਹਲਕਾ ਆਤਮ ਨਗਰ (ਲੁਧਿਆਣਾ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ/ਜੈਅੰਤੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਬਦਲ ਕੇ ‘ਸ੍ਰੀ ਗੁਰੂ ਰਵਿਦਾਸ ਨਗਰ’B ਰੱਖਣ ਦੀ ਮੰਗ ਕੀਤੀ।

ਰਾਣਾ ਗੁਰਜੀਤ ਨੇ ਲਾਏ ਕੌਂਸਲ ਚੋਣਾਂ ’ਚ ਧੱਕੇਸ਼ਾਹੀ ਦੇ ਇਲਜ਼ਾਮ

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੌਂਸਲ ਚੋਣਾਂ ’ਚ ਹੋਈ ਘਪਲੇਬਾਜ਼ੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕਾਦੀਆ, ਚਮਕੌਰ ਸਾਹਿਬ ਤੇ ਕਪੂਰਥਲਾ ’ਚ ਪ੍ਰਧਾਨਗੀ ਤੇ ਕਬਜ਼ਾ ਕਰਨ ਲਈ ਸਰਕਾਰ ਵੱਲੋਂ ਕੌਂਸਲਰਾਂ ਨੂੰ ਡਰਾਇਆ ਗਿਆ ਤੇ ਕਾਰੋਬਾਰ ਬੰਦ ਕਰਾਏ ਗਏ ।