Punjab

ਪੰਜਾਬ ‘ਚ ਦੁੱਧ ਪੀਣਾ ਹੋਇਆ ਮਹਿੰਗਾ

ਪੰਜਾਬ ਵਿੱਚ ਵੇਰਕਾ (Verka) ਨੇ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਇਹ ਨਵੇਂ ਰੇਟ ਅੱਜ ਤੋਂ ਲਾਗੂ ਹੋ ਗਏ ਹਨ। ਲੁਧਿਆਣਾ ਡਿਸਟ੍ਰਿਕਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਵੇਰਕਾ ਦੇ ਫੁੱਲ ਕਰੀਮ, ਸਟੈਂਡਰਡ ਅਤੇ ਡਬਲ ਟੋਂਡ ਦੁੱਧ ਦੇ ਪੈਕਟਾਂ ਦੀਆਂ ਕੀਮਤਾਂ ਵਿੱਚ 1 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

500 ਮਿਲੀਲੀਟਰ (ਅੱਧਾ ਲੀਟਰ) ਫੁੱਲ ਕਰੀਮ ਦੁੱਧ ਹੁਣ 36 ਦੀ ਬਜਾਏ 38 ਰੁਪਏ, ਸਟੈਂਡਰਡ ਦੁੱਧ 33 ਦੀ ਥਾਂ 35 ਰੁਪਏ, ਟੋਨਡ 30 ਦੀ ਥਾਂ 31 ਰੁਪਏ ਅਤੇ ਡਬਲ ਟੋਨਡ ਦੁੱਧ 27 ਤੋਂ ਵੱਧ ਕੇ 28 ਰੁਪਏ ਦਾ ਮਿਲੇਗਾ। ਵੇਰਕਾ ਦਾ ਪੈਕੇਟ ਵਾਲਾ ਗਾਂ ਦਾ ਦੁੱਧ 31 ਤੋਂ 33 ਰੁਪਏ ਅਤੇ ਸਕਿਮਡ ਦੁੱਧ 24 ਦੀ ਥਾਂ 25 ਰੁਪਏ ਦਾ ਮਿਲੇਗਾ।

ਉੱਥੇ ਹੀ ਇੱਕ ਲੀਟਰ ਫੁੱਲ ਕਰੀਮ ਦੁੱਧ 72 ਦੀ ਬਜਾਏ 76 ਰੁਪਏ (4 ਰੁਪਏ ਵਾਧਾ) ਅਤੇ ਸਟੈਂਡਰਡ ਦੁੱਧ 65 ਦੀ ਥਾਂ 69 ਰੁਪਏ ਦਾ ਮਿਲੇਗਾ। ਜਦਕਿ ਟੋਨਡ ਅਤੇ ਡਬਲ ਟੋਨਡ ਦੁੱਧ ਦੀਆਂ ਕੀਮਤਾਂ 2-2 ਰੁਪਏ ਵਧ ਕੇ ਕ੍ਰਮਵਾਰ 61 ਅਤੇ 55 ਰੁਪਏ ਹੋ ਜਾਣਗੀਆਂ।

ਇਸ ਤੋਂ ਇਲਾਵਾ ਡੇਢ ਲੀਟਰ ਵਾਲੇ ਫੁੱਲ ਕਰੀਮ, ਸਟੈਂਡਰਡ ਅਤੇ ਗਾਂ ਦੇ ਦੁੱਧ ਦੇ ਪੈਕਟਾਂ ‘ਚ 6-6 ਰੁਪਏ ਦਾ ਵਾਧਾ ਹੋਇਆ ਹੈ, ਜਿਨ੍ਹਾਂ ਦੀ ਨਵੀਂ ਕੀਮਤ ਕ੍ਰਮਵਾਰ 112, 102 ਅਤੇ 96 ਰੁਪਏ ਹੋਵੇਗੀ। ਉੱਥੇ ਹੀ ਦੋ ਲੀਟਰ ਵਾਲੇ ਫੁੱਲ ਕਰੀਮ ਅਤੇ ਸਟੈਂਡਰਡ ਦੁੱਧ ਦੇ ਪੈਕਟ ਕ੍ਰਮਵਾਰ 142 ਅਤੇ 128 ਰੁਪਏ ਤੋਂ ਵਧ ਕੇ 150 ਅਤੇ 136 ਰੁਪਏ (8-8 ਰੁਪਏ ਵਾਧਾ) ਦੇ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਨੇ ਵੀ 12 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਇਜ਼ਾਫ਼ਾ ਕੀਤਾ ਸੀ।