‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਖਿਲਾਫ਼ ਕੇਸ ਦਰਜ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਕੋਈ ਵੀ ਕੇਸ ਪਰਚਾ ਨਹੀਂ ਹੋਇਆ ਹੈ। ਦਰਅਸਲ, ਬੀਤੇ ਦਿਨੀਂ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਕੇਸ ਦਰਜ ਹੋਣ ਨੂੰ ਲੈ ਕੇ ਇੱਕ ਨਿੱਜੀ ਨਿਊਜ਼ ਚੈਨਲ ਵਿੱਚ ਖ਼ਬਰ ਛਪੀ ਸੀ, ਜਿਸ ‘ਤੇ ਮਨਪ੍ਰੀਤ ਬਾਦਲ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਸਭ ਫੇਕ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਵੱਡੇ ਮੀਡੀਆ ਅਦਾਰਿਆਂ ਤੋਂ ਅਜਿਹੀ ਗਲਤ ਖ਼ਬਰਾਂ ਦੀ ਉਮੀਦ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੈਂ ਇਹ ਤਸਦੀਕ ਕਰਦਾ ਹਾਂ ਕਿ ਕੋਈ ਕੇਸ ਨਹੀਂ ਹੋਇਆ ਹੈ। ਮੈਂ ਆਪਣੇ ਵਕੀਲਾਂ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਗਲਤ ਖ਼ਬਰ ਚਲਾਉਣ ਵਾਲੇ ਚੈਨਲ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਬੀਤੇ ਦਿਨ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਂਝ ਤਾਂ ਮੈਂ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਵਿਰੁੱਧ ਸ਼ਿਕਾਇਤ ਕੀਤੀ ਹੋਈ ਹੈ ਅਤੇ ਮੈਨੂੰ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਮਨਪ੍ਰੀਤ ਬਾਦਲ ਵਿਰੁੱਧ ਕੇਸ ਵੀ ਦਰਜ ਹੋਇਆ ਹੈ, ਜੋ ਕਿ ਬਹੁਤ ਵਧੀਆ ਗੱਲ ਹੈ।
ਹਾਲਾਂਕਿ, ਬਾਅਦ ਵਿੱਚ ਚੈਨਲ ਨੇ ਮਨਪ੍ਰੀਤ ਬਾਦਲ ਤੋਂ ਮੁਆਫ਼ੀ ਮੰਗਦਿਆਂ ਮਨਪ੍ਰੀਤ ਬਾਦਲ ਉੱਤੇ ਕੋਈ ਕੇਸ ਦਰਜ ਨਾ ਹੋਣ ਦਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਨੂੰ ਗਲਤ ਖ਼ਬਰ ਚਲਾਉਣ ਦਾ ਖੇਦ ਹੈ। ਨਿੱਜੀ ਚੈਨਲ ਵੱਲੋਂ ਮੰਗੀ ਗਈ ਮੁਆਫ਼ੀ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਚੈਨਲ ਖਿਲਾਫ਼ ਕਾਰਵਾਈ ਨਾ ਕਰਨ ਲਈ ਆਪਣੇ ਵਕੀਲਾਂ ਨੂੰ ਕਾਨੂੰਨੀ ਨੋਟਿਸ ਵਾਪਿਸ ਲੈਣ ਲਈ ਕਿਹਾ।