‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਹਿਬਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉੱਤੇ ਇਨਸਾਫ਼ ਦੇ ਲਈ ਮੋਰਚਾ ਲੱਗਾ ਹੋਇਆ ਹੈ। ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਅਦਬੀ ਦਾ ਮੁੱਦਾ ਯਾਦ ਕਰਵਾਉਂਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹਲੂਣਾ ਮਾਰਿਆ। ਨਿਆਮੀਵਾਲਾ ਨੇ ਕਿਹਾ ਕਿ ਸਾਡੀ ਸੰਸਥਾ SGPC 20 ਸਾਲ ਦੀ ਲੰਬੀ ਨੀਂਦ ਤੋਂ ਬਾਅਦ ਜਾਗੀ ਹੈ ਪਰ ਅਫਸੋਸ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸੱਤ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਜੇ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਇੱਕ ਜਾਂ ਦੋ ਇਸ ਤਰ੍ਹਾਂ ਦੀਆਂ ਸਖ਼ਤ ਕਾਰਵਾਈਆਂ ਕੀਤੀਆਂ ਜਾਂਦੀਆਂ ਤਾਂ ਅੱਜ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋ ਗਈ ਹੋਣੀ ਸੀ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਪਰਖ ਦੀ ਘੜੀ ਦਾ ਦਾਅਵਾ ਕਰਦਿਆਂ ਕਿਹਾ ਕਿ ਦੇਖਣ ਵਾਲੀ ਗੱਲ ਹੈ ਕਿ SGPC ਸੁੱਤੀ ਹੋਈ ਕਦੋਂ ਜਾਗਦੀ ਹੈ, ਕਦੋਂ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਉੱਤੇ ਸਰਕਾਰ ਨੂੰ ਘੇਰੇਗੀ ਜਾਂ ਫਿਰ ਕਾਲੇ ਚੋਲੇ ਪਾਵੇਗੀ। ਦਰਅਸਲ, ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 12 ਸਤੰਬਰ ਨੂੰ ਹਰੇਕ ਜ਼ਿਲ੍ਹਾ ਹੈਡਕੁਆਰਟਰ ਉੱਤੇ ਕਾਲੇ ਚੋਲੇ ਪਾ ਕੇ ਧਰਨੇ ਦੇਣ ਦਾ ਐਲਾਨ ਕੀਤਾ ਹੈ।

ਨਿਆਮੀਵਾਲਾ ਨੇ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਅਸੀਂ ਸਾਡੇ ਯੋਧਿਆਂ ਦੀ ਰਿਹਾਈ ਦੀ ਅਰਦਾਸ ਹਰ ਵੇਲੇ ਕਰਦੇ ਹਾਂ।