Punjab

ਮੱਤੇਵਾੜਾ ਜੰਗਲ ਮਾਮਲਾ: ਜਾਣੋੇ ਸੇਖੋਵਾਲ ਪਿੰਡ ਦੀ ਮਹਿਲਾ ਸਰਪੰਚ ਤੋਂ ਪੁਲਿਸ ਨੇ ਕਿਵੇਂ ਦਸਤਖ਼ਤ ਕਰਵਾਉਣ ਦੀ ਕੀਤੀ ਕੋਸ਼ਿਸ਼

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਮੱਤੇਵਾੜਾ ਜੰਗਲਾਂ ਅਧੀਨ ਆਉਂਦੀ ਪਿੰਡ ਸੇਖੋਵਾਲ ਦੀ ਜ਼ਮੀਨ ਨੂੰ ਸਨਅਤੀ ਵਿਕਾਸ ਦੇ ਨਾਂ ’ਤੇ ਐਕੁਆਇਰ ਕੀਤੇ ਜਾਣ ਦਾ ਮਾਮਲਾ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ।  ਇਸੇ ਨੂੰ ਲੈ ਕੇ ਹੁਣ 30 ਜੁਲਾਈ ਦੀ ਰਾਤ ਨੂੰ ਸੇਖੋਵਾਲ ਪਿੰਡ ਦੀ ਮਹਿਲਾ ਸਰਪੰਚ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਧੱਕੇ ਸ਼ਾਹੀ ਨਾਲ ਤਹਿਸੀਲ ਕੁੰਮ ਕਲਾਂ ਚੁੱਕ ਕੇ ਲਿਆਦਾ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ 2 ਘੰਟਿਆਂ ਦੇ ਕਰੀਬ ਤਹਿਸੀਲ ਦੇ ਬਾਹਰ ਪੰਜਾਬ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕਰਨ ਤੋਂ ਬਾਅਦ ਮਹਿਲਾ ਸਰਪੰਚ ਨੂੰ ਰਿਹਾਅ ਕੀਤਾ ਗਿਆ।

 

ਪਿੰਡ ਵਾਸੀਆਂ ਨੇ ਪੁਲਿਸ ‘ਤੇ ਇਲਜ਼ਾਮ ਲਾਇਆ ਕਿ, ਮਹਿਲਾ ਸਰਪੰਚ ਨੂੰ ਧੱਕੇ ਨਾਲ ਚੁੱਕ ਕੇ ਤਹਿਸੀਲ ਲਿਆਦਾ ਗਿਆ ਅਤੇ ਧੱਕੇ ਸ਼ਾਹੀ ਨਾਲ ਸੇਖੋਵਾਲ ਪਿੰਡ ਦੀ ਰਜਿਸਟਰੀ ‘ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਵੱਲੋਂ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

 

ਜਿਕਰਯੋਗ ਹੈ ਸਰਕਾਰ ਇਸ ਪਿੰਡ ਦੀ 407 ਏਕੜ ਵਾਹੀਯੋਗ ਜ਼ਮੀਨ ਨੂੰ  ਐਕੁਆਇਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਇਸ ਜ਼ਮੀਨ ’ਤੇ ਪਿੰਡ ਦੇ 80 ਪਰਿਵਾਰ ਖੇਤੀ ਕਰ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਹਨ ਤੇ ਸਾਰੇ ਪਰਿਵਾਰਾਂ ਕੋਲ ਲਗਭੱਗ 5-5 ਏਕੜ ਜ਼ਮੀਨ ਹੈ। ਜੇ ਸਰਕਾਰ ਇਹ ਜ਼ਮੀਨ ਐਕੁਆਇਰ ਕਰਦੀ ਹੈ ਤਾਂ ਪਿੰਡ ਵਾਸੀਆਂ ਕੋਲ ਖੇਤੀ ਕਰਨ ਲਈ ਕੋਈ ਜਗ੍ਹਾ ਨਹੀਂ ਬਚੇਗੀ ਤੇ ਪਿੰਡ ਵਾਸੀਆਂ ਲਈ ਜਿਉਣਾ ਔਖਾ ਹੋ ਜਾਵੇਗਾ।