Punjab

ਲੁਧਿਆਣਾ ਲੁੱਟ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ

The police made many important revelations regarding the Ludhiana robbery case

ਲੁਧਿਆਣਾ ATM ਕੈਸ਼ ਕੰਪਨੀ ਵਿੱਚ ਅੱਧੀ ਰਾਤ 7 ਕਰੋੜ ਦੀ ਲੁੱਟ ਮਾਮਲੇ ਵਿੱਚ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਲੁੱਟ ਸੱਤ ਕਰੋੜ ਦੀ ਨਹੀਂ ਸੀ, ਸਗੋਂ ਸਾਢੇ ਅੱਠ ਕਰੋੜ ਦੀ ਸੀ। ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਉਧਰ, ਸੀਸੀਟੀਵੀ ਫੁਟੇਜ ਵਿੱਚ ਪੁਲਿਸ ਹੱਥ ਵੱਡਾ ਸੁਰਾਗ ਲੱਗਾ ਹੈ।

ਪੁਲਿਸ ਅਧਿਕਾਰੀ ਏਡੀਸੀਪੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ 20 ਤੋਂ 25 ਜਣਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਹੁਣ ਤੱਕ ਕੀਤੀ ਗਈ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਕਈ ਦਿਨ ਲਗਾਤਾਰ ਕੰਪਨੀ ਦੇ ਦਫ਼ਤਰ ਦੀ ਰੇਕੀ ਕੀਤੀ ਸੀ। ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ ਕਿ ਕੰਪਨੀ ਵਿੱਚ ਕੈਮਰੇ ਕਿੱਥੇ ਲੱਗੇ ਹੋਏ ਹਨ ਤੇ ਸਕਿਉਰਿਟੀ ਸਿਸਟਮ ਅਤੇ ਸੈਂਸਰ ਸਾਇਰਨ ਕਿੱਥੇ-ਕਿੱਥੇ ਹਨ।

ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਸੀ ਤੇ ਸੁਰੱਖਿਆ ਗਾਰਡਸ ਤੋਂ ਰਾਈਫਲਾਂ ਵੀ ਖੋਹ ਲਈਆਂ ਅਤੇ ਅੱਖਾਂ ‘ਚ ਮਿਰਚਾਂ ਦਾ ਪਾਊਡਰ ਵੀ ਪਾਇਆਂ ਸੀ। ਉਨ੍ਹਾਂ ਨੇ ਮੀਡੀਆ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਖ਼ਬਰ ਬਿਨਾਂ ਕਿਸੇ ਜਾਣਕਾਰੀ ਤੋਂ ਨਾ ਚਲਾਉਣ।

ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਸੈਂਸਰ ਸਾਇਰਨ ਦੀਆਂ ਤਾਰਾਂ ਕੱਟੀਆਂ ਅਤੇ ਡੀਵੀਆਰ ਬੰਦ ਕਰ ਕੇ ਆਪਣੇ ਕੋਲ ਰੱਖ ਲਿਆ। ਜਾਣਕਾਰੀ ਅਨੁਸਾਰ ਲੁਟੇਰੇ ਦੋ ਗੱਡੀਆਂ, ਦੋ ਮੋਟਰਸਾਈਕਲਾਂ ਅਤੇ ਇੱਕ ਸਕੂਟਰ ’ਤੇ ਸਵਾਰ ਹੋ ਕੇ ਆਏ ਸਨ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 10 ਤੋਂ ਜ਼ਿਆਦਾ ਹੋ ਸਕਦੀ ਹੈ।

ਪੁਲਿਸ ਹੱਥ ਟੌਲ ਪਲਾਜ਼ੇ ਦੀ ਸੀਸੀਟੀਵੀ ਵੀ ਲੱਗੀ ਹੈ। ਮੁਲਜ਼ਮ ਮੁੱਲਾਂਪੁਰ ਦਾਖਾ ਤੋਂ ਥੋੜ੍ਹਾ ਅੱਗੇ ਚੌਕੀਮਾਨ ਟੌਲ ਪਲਾਜ਼ਾ ’ਤੇ ਬਿਨਾਂ ਰੁਕਿਆਂ ਬੈਰੀਕੇਡ ਤੋੜ ਕੇ ਤੇਜ਼ ਰਫ਼ਤਾਰ ਨਾਲ ਗੱਡੀਆਂ ਲੈ ਕੇ ਲੰਘੇ ਸਨ। ਗੱਡੀਆਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਪੁਲਿਸ ਨੂੰ ਸੀਸੀਟੀਵੀ ਫੁਟੇਜ ਵਿੱਚ ਉਨ੍ਹਾਂ ਦੇ ਨੰਬਰ ਵੀ ਨਹੀਂ ਦਿਖੇ।