India

ਪੁਲਿਸ ਨੇ ਸਾਬਕਾ ਰਾਜਪਾਲ ਦੇ ਘਰ ਦਿੱਲੀ ‘ਚ ਨਹੀਂ ਹੋਣ ਦਿੱਤਾ ਇਕੱਠ, ਸਾਰੇ ਕੀਤੇ ਨਜ਼ਰਬੰਦ

ਦਿੱਲੀ : ਸਾਬਕਾ ਗਵਰਨਰ ਸਤਿਆਪਾਲ ਮਲਿਕ ਸਮੇਤ ਕਈ ਆਗੂਆਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੀ ਗੱਲ ਸਾਹਮਣੇ ਆਈ ਹੈ। ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ ਇੱਕ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ । ਮਲਿਕ ਤੋਂ ਇਲਾਵਾ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ,ਕਾਂਗਰਸੀ ਆਗੂ ਅਲਕਾ ਲਾਂਬਾ ਤੇ ਆਪ ਦੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਮਾਮਲੇ ਵਿੱਚ ਟਵੀਟ ਕੀਤੇ ਹਨ।

ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਨੇ ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਰਾਜਪਾਲ ਨੇ ਖਾਪ ਪ੍ਰਧਾਨਾਂ ਤੇ ਕਿਸਾਨ ਆਗੂਆਂ ਨੂੰ ਖਾਣੇ ‘ਤੇ ਬੁਲਾਇਆ ਸੀ ਪਰ ਪੁਲਿਸ ਨੇ ਆ ਕੇ ਸਾਰਾ ਪ੍ਰੋਗਰਾਮ ਰੱਦ ਕਰਵਾ ਦਿੱਤਾ ਤੇ ਕਿਸਾਨ ਆਗੂਆਂ ਤੇ ਖਾਪ ਪ੍ਰਧਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਬਸੰਤ ਵਿਹਾਰ ਥਾਣੇ ਵਿੱਚ ਰੱਖਿਆ ਗਿਆ ਹੈ। ਜਦੋਂ ਕਿ ਰਾਜਪਾਲ ਮਲਿਕ ਨੂੰ ਆਰ ਕੇ ਪੁਰਮ ਥਾਣੇ ‘ਚ ਲਿਜਾਇਆ ਗਿਆ ਹੈ। ਕਿਸਾਨ ਆਗੂ ਗੁਰਮੀਤ ਸਿੰਘ ਮਹਿਮਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

 

ਹਿਰਾਸਤ ‘ਚ ਲੈਣ ‘ਤੇ ਪੁਲਿਸ ਦਾ ਤਰਕ

ਹਰਿਆਣਾ ਅਤੇ ਯੂਪੀ ਦੀਆਂ ਖਾਪ ਪੰਚਾਇਤਾਂ ਦੇ ਕੁਝ ਆਗੂ ਮੀਟਿੰਗ ਲਈ ਸਵੇਰੇ ਸੱਤਿਆਪਾਲ ਮਲਿਕ ਦੇ ਘਰ ਪੁੱਜੇ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਉਥੇ ਪਹੁੰਚ ਗਈ। ਸੱਤਿਆਪਾਲ ਮਲਿਕ ਦੇ ਘਰ ਪੁੱਜਣ ‘ਤੇ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਰਿਹਾਇਸ਼ੀ ਇਲਾਕੇ ‘ਚ ਬਿਨਾਂ ਇਜਾਜ਼ਤ ਦੇ ਕੋਈ ਮੀਟਿੰਗ ਨਹੀਂ ਕਰ ਸਕਦੇ। ਇਸ ਲਈ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਲਿਕ ਨੂੰ ਸੀਬੀਆਈ ਇੰਸ਼ੋਰੈਂਸ ਘੁਟਾਲੇ ਵਿੱਚ ਸੰਮਨ ਕੀਤਾ ਗਿਆ ਹੈ ।

 

ਇਹ ਇੰਸ਼ੋਰੈਂਸ ਘੁਟਾਲਾ

ਸਤਿਆਪਾਲ ਮਲਿਕ ਨੇ ਸ਼ੁੱਕਵਾਰ ਦੱਸਿਆ ਸੀ ਕਿ CBI ਰਿਲਾਇੰਸ ਇੰਸ਼ੋਰੈਂਸ ਮਾਮਲੇ ਵਿੱਚ ਪੁੱਛ-ਗਿੱਛ ਕਰਨਾ ਚਾਹੁੰਦੀ ਹੈ,ਉਨ੍ਹਾਂ ਨੂੰ ਅਕਬਰ ਰੋਡ ਦੇ ਗੈਸਟ ਹਾਊਸ ਵਿੱਚ ਬੁਲਾਇਆ ਹੈ ।ਉਨ੍ਹਾਂ ਨੇ ਕਿਹਾ ਕਿ ਮੈਂ ਰਾਜਸਥਾਨ ਜਾ ਰਿਹਾ ਹਾਂ,ਇਸ ਲਈ ਮੈਂ CBI ਨੂੰ 27 ਅਤੇ 29 ਅਪ੍ਰੈਤ ਤੱਕ ਦੀ ਤਾਰੀਕ ਦਿੱਤੀ ਹੈ । ਮਲਿਕ ਨੇ ਦਾਅਵਾ ਕੀਤਾ ਸੀ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਰਹਿੰਦੇ ਹੋਏ ਉਨ੍ਹਾਂ ਨੂੰ 2 ਫਾਈਲਾਂ ਪਾਸ ਕਰਨ ਦੇ ਲਈ 300 ਕਰੋੜ ਦੀ ਰਿਸ਼ਵਤ ਆਫਰ ਹੋਈ ਸੀ। ਇਸ ਵਿੱਚ ਇੱਕ ਫਾਈਲ RSS ਦੇ ਆਗੂ ਨਾਲ ਜੁੜੀ ਸੀ, ਦੂਜੀ ਅੰਬਾਨੀ ਦੇ ਨਾਲ ਸਬੰਧਤ ਸੀ, CBI ਨੇ ਇਸੇ ਮਾਮਲੇ ਵਿੱਚ ਬੁਲਾਇਆ ਹੈ ।

 

ਸਤਿਆਪਾਲ ਮਲਿਕ ਦਾ ਤਾਜ਼ਾ ਵੱਡਾ ਬਿਆਨ

ਸਤਿਆਪਾਲ ਮਲਿਕ ਨੇ ਹਾਲ ਹੀ ਵਿੱਚ ਕੇਂਦਰ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਪੁਲਵਾਮਾ ਹਮਲਾ ਸਰਕਾਰ ਦੇ ਢਿੱਲੇ ਵਤੀਰੇ ਕਰਕੇ ਹੋਇਆ ਸੀ । ਸ਼ਨਿੱਚਰਵਾਰ ਨੂੰ ਅਮਿਤ ਸ਼ਾਹ ਨੇ ਵੀ ਸਤਿਆਪਾਲ ਮਲਿਕ ‘ਤੇ ਪਲਟਵਾਰ ਕਰਦੇ ਹੋਏ ਕਿਹਾ ਸਾਰੀ ਗੱਲਾਂ ਸਾਡਾ ਸਾਥ ਛੱਡਣ ਦੇ ਬਾਅਦ ਹੀ ਕਿਉਂ ਸਾਹਮਣੇ ਆਉਂਦੀਆਂ ਹਨ,ਅੰਤਰ ਆਤਮਾ ਉਸ ਵੇਲੇ ਕਿੱਥੇ ਗਈ ਚੱਲ ਜਾਂਦੀ ਹੈ,ਜਦੋਂ ਲੋਕ ਸੱਤਾ ਵਿੱਚ ਹੁੰਦੇ ਸਨ । ਸ਼ਾਹ ਨੇ ਕਿਹਾ ਜਨਤਾ ਇਸ ਬਾਰੇ ਜ਼ਰੂਰ ਸੋਚੇਗੀ ।

 

ਮਾਮਲੇ ਚ ਪੁਲਿਸ ਦਾ ਪੱਖ 

ਇਸ ਦੌਰਾਨ ਦਿੱਲੀ ਪੁਲਿਸ ਨੇ ਟਵੀਟ ਕਰਕੇ ਕਿਹਾ ਹੈ, “ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਹਿਰਾਸਤ ਬਾਰੇ ਸੋਸ਼ਲ ਮੀਡੀਆ ਉਪਰ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ। ਜਦਕਿ ਉਹ ਖੁਦ ਆਰਕੇ ਪੁਰਮ ਥਾਣੇ ਆਪਣੇ ਸਮਰਥਕਾਂ ਨਾਲ ਆਏ ਹਨ। ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਾਣ ਲਈ ਆਜ਼ਾਦ ਹਨ।”