Punjab

WhatsApp ‘ਤੇ ਇਹ status ‘ਸਿੱਖ ਨੌਜਵਾਨ’ ਨੂੰ ਪੈ ਗਿਆ ਮਹਿੰਗਾ!

ਬਿਊਰੋ ਰਿਪੋਰਟ : ਪੰਜਾਬ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਵੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ‘ਤੇ ਸਖ਼ਤ ਰੁਖ਼ ਅਖ਼ਤਿਰਾ ਕਰ ਲਿਆ ਹੈ। ਸੋਸ਼ਲ ਮੀਡੀਆ ‘ਤੇ ਵਾਰਿਸ ਪੰਜਾਬ ਦੇ ਮੁਖੀ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਅਤੇ ਕੌਮੀ ਜਾਂਚ ਏਜੰਸੀ (NIA) ਕਾਰਵਾਈ ਕਰ ਰਹੀ ਹੈ, ਹੁਣ ਉਸੇ ਤਰ੍ਹਾਂ ਹੀ ਹਰਿਆਣਾ ਪੁਲਿਸ ਨੇ ਵੀ ਸਿੱਖ ਨੌਜਵਾਨ ਦੀ ਗ੍ਰਿਫ਼ਤਾਰੀ ਕੀਤੀ ਹੈ। ਨੌਜਵਾਨ ਨੇ ਆਪਣੇ ਵਟਸਐਪ ਸਟੇਟਸ (WhatsApp Status) ‘ਤੇ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ ਸੀ। ਗ੍ਰਿਫਤਾਰ ਸਿੱਖ ਨੌਜਵਾਨ ਦਾ ਨਾਂ ਆਕਾਸ਼ਦੀਪ ਸਿੰਘ ਹੈ ਅਤੇ ਉਹ ਬੁਡੀਆ ਦਾ ਰਹਿਣ ਵਾਲਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ ।

ਇੱਕ ਹਿੰਦੂ ਜਥੇਬੰਦੀ ਦੇ ਗਰੁੱਪ ਦਾ ਮੈਂਬਰ ਸੀ

ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਸਿੰਘ ਹਿੰਦੂ ਜਥੇਬੰਦੀ ਦੇ whatsapp ਗਰੁੱਪ ਨਾਲ ਜੁੜਿਆ ਹੋਇਆ ਸੀ। ਆਕਾਸ਼ਦੀਪ ਨੇ ਆਪਣੇ ਸਟੇਟਸ ਵਿੱਚ ਵਿਵਾਦਿਤ ਫੋਟੋ ਅਤੇ ਕੁੱਝ ਲਾਈਨਾਂ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਸਨ, ਜੋ ਮਿੰਟਾਂ ਵਿੱਚ ਕਾਫੀ ਵਾਇਰਲ ਹੋ ਗਈ। ਲੋਕਾਂ ਨੇ ਇਸ ਦਾ ਸਖ਼ਤ ਇਤਰਾਜ਼ ਕੀਤਾ ਅਤੇ ਬੁਡੀਆ ਥਾਣੇ ਦੇ ਸੁਰੱਖਿਆ ਏਜੰਟ ਮਨੋਜ ਕੁਮਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਤਾਬਕ ਸਾਈਬਰ ਸੈੱਲ ਕਾਫੀ ਸਰਗਰਮ ਹੈ। ਹਰ ਪੋਸਟ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਭੜਕਾਉ ਪੋਸਟ ‘ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਕੋਈ ਵੀ ਸ਼ਖ਼ਸ ਨਫ਼ਰਤ ਭਰੀ ਪੋਸਟ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਨਹੀਂ ਛੱਡਿਆ ਜਾਵੇਗਾ ਅਤੇ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ। ਦੇਸ਼ ਵਿਰੋਧੀ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।

ਆਕਾਸ਼ਦੀਪ ‘ਤੇ ਲੱਗੇ ਇਹ ਇਲਜ਼ਾਮ

ਨੌਜਵਾਨ ਸਿੱਖ ਆਕਾਸ਼ਦੀਪ ‘ਤੇ ਇਹ ਇਲਜ਼ਾਮ ਹੈ ਕਿ ਉਸ ਨੇ whatsapp ਸਟੇਟਸ ‘ਤੇ ਭਾਰਤ ਮਾਤਾ ਬਾਰੇ ਕੁਝ ਵਿਵਾਦਿਤ ਪੋਸਟ ਪਾਈ ਸੀ। ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੇ ਬਾਵਜੂਦ ਲੋਕ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਖਤ ਕਾਰਵਾਈ ਦੀ ਬਜਾਏ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੀ ਦਰਜ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਐਨਆਈਏ (NIA) ਨੇ ਪਿਛਲੇ ਹਫਤੇ ਕਪੂਰਥਲਾ ਦੇ ਵਕੀਲ ਰਾਜਦੀਪ ਸਿੰਘ ਦੇ ਖਿਲਾਫ਼ ਅੰਮ੍ਰਿਤਪਾਲ ਸਿੰਘ ਦੀਆਂ ਕੁਝ ਪੋਸਟਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ‘ਤੇ ਗ੍ਰਿਫ਼ਤਾਰ ਕੀਤਾ ਸੀ। ਰਾਜਦੀਪ ਸਿੰਘ ਨੂੰ ਪੌਂਟਾ ਸਾਹਿਬ ਤੋਂ ਵਾਪਸ ਆਉਣ ਵੇਲੇ ਪੰਜਾਬ ਪੁਲਿਸ ਅਤੇ NIA ਦੀ ਟੀਮ ਨੇ ਰਸਤੇ ਤੋਂ ਹੀ ਫੜ ਲਿਆ ਸੀ। ਰਾਜਦੀਪ ਸਿੰਘ ਦੀ ਗ੍ਰਿਫ਼ਤਾਰੀ ਦੇ ਖਿਲਾਫ਼ ਕਪੂਰਥਲਾ ਦੀ ਬਾਰ ਐਸੋਸੀਏਸ਼ਨ ਨੇ ਇੱਕ ਦਿਨ ਦੀ ਹੜ੍ਹਤਾਲ ਵੀ ਕੀਤੀ ਸੀ।