India

AAP ਆਗੂ ਨੇ ਉਲਟਾ ED ਨੂੰ ਹੀ ਭੇਜਿਆ ਨੋਟਿਸ; ਕਿਹਾ- ਮੁਆਫ਼ੀ ਨਾ ਮੰਗੀ ਤਾਂ ਜਾਵਾਂਗਾ ਕੋਰਟ

ਦਿੱਲੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਅਧਿਕਾਰੀਆਂ ਨੂੰ ਇੱਕ ਮਾਣਹਾਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਈਡੀ ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਅਤੇ ਆਬਕਾਰੀ ਘੁਟਾਲੇ ਦੇ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਜੋਗਿੰਦਰ ਨੂੰ ਭੇਜਿਆ ਗਿਆ ਹੈ। ਆਪ ਨੇਤਾ ਸੰਜੇ ਸਿੰਘ  ਨੇ ਇਹਨਾਂ ਅਧਿਕਾਰੀਆਂ ‘ਤੇ ਇਲਜ਼ਾਮ ਲਗਾਇਆ ਹੈ ਕਿ ਇਹਨਾਂ ਅਧਿਕਾਰੀਆਂ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਚਾਰਜਸ਼ੀਟ ਵਿੱਚ ਉਹਨਾਂ ਦਾ ਨਾਂ ਗਲਤ ਤਰੀਕੇ ਨਾਲ ਪਾਇਆ ਹੈ ।

ਲੀਗਲ ਨੋਟਿਸ ‘ਚ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ 48 ਘੰਟਿਆਂ ‘ਚ ਮੁਆਫੀ ਮੰਗਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੋਟਿਸ ‘ਚ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਐਕਸਾਈਜ਼ ਮਾਮਲੇ ‘ਚ ਚਾਰਜਸ਼ੀਟ ‘ਚ ਮੇਰੇ ਨਾਂ ਦਾ ਝੂਠਾ ਜ਼ਿਕਰ ਕੀਤਾ ਗਿਆ, ਜਦਕਿ ਕਿਸੇ ਵੀ ਗਵਾਹ ਨੇ ਮੇਰਾ ਨਾਂ ਨਹੀਂ ਲਿਆ। ਉਹਨਾਂ ਕਿਹਾ ਕਿ ਈਡੀ ਨੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਤਹਿਤ ਆਪਣੀ ਸ਼ਿਕਾਇਤ ‘ਚ ਮੇਰਾ ਨਾਂ ਸ਼ਾਮਲ ਕੀਤਾ ਹੈ। ਸੰਜੇ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ ਬਹੁਤੇ ਗਵਾਹ ਅਤੇ ਸਬੂਤ ਵੀ ਨਹੀਂ ਹਨ, ਫਿਰ ਵੀ ਮੇਰਾ ਨਾਂ ਐਕਸਾਈਜ਼ ਕੇਸ ਵਿੱਚ ਪਾ ਦਿੱਤਾ ਗਿਆ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਬਕਾਰੀ ਨੀਤੀ ਮਾਮਲੇ ਦੀ ਚਾਰਜਸ਼ੀਟ ‘ਚ ਆਪਣਾ ਨਾਂ ਸ਼ਾਮਲ ਕਰਨ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ।  ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸ ਮਾਮਲੇ ਵਿੱਚ ਸੀਬੀਆਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।