ਚੰਡੀਗੜ੍ਹ : ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ(MLA Jaswant Singh Gajjan Majra) ਨੇ ਦਾਅਵਾ ਕੀਤਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ( ED) ਉਸ ਕੋਲੋਂ 32 ਲੱਖ ਰੁਪਏ ਲੈ ਗਈਹੈ। ਇਹ ਬਿਆਨ ਈਡੀ ਵੱਲੋਂ ਉਸ ਦੇ ਟਿਕਾਣਿਆਂ ‘ਤੇ ਬੀਤੇ ਦਿਨ ਕੀਤੀ ਰੇਡ ਤੋਂ ਬਾਅਦ ਆਇਆ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾਅਵਾ ਕੀਤਾ ਹੈ ਕਿ ‘ਈਡੀ ਤਾਂ ਸਗੋਂ ਮੇਰੇ 32 ਲੱਖ ਰੁਪਏ ਵੀ ਨਾਲ ਲੈ ਗਈ ਹੈ।’

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ‘ਮੇਰੇ ਘਰ ਕੋਈ ਵੀ ਸ਼ੱਕੀ ਦਸਤਾਵੇਜ਼ ਈਡੀ ਨੂੰ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਈਡੀ ਨੇ ਜਿਹੜੇ 32 ਲੱਖ ਆਪਣੇ ਨਾਲ ਲੈ ਕੇ ਗਈ ਹੈ, ਜੋ ਕਿ ਮੇਰੇ ਨਹੀਂ ਸਨ, ਸਗੋਂ ਕੰਪਨੀ ਦੇ ਸਨ।‘ ਇਸ ਰਕਮ ਬਾਰੇ ਗੱਜਣਮਾਜਰਾ ਨੇ ਇਹ ਵੀ ਦੱਸਿਆ ਹੈ ਕਿ ਈਡੀ ਦੇ ਅਧਿਆਰੀਆਂ ਨੇ ਸਟੇਟਮੈਂਟ ਦਿਖਾ ਕੇ ਪੈਸੇ ਵਾਪਸ ਮੋੜੇ ਜਾਣ ਦੀ ਗੱਲ ਆਖੀ ਹੈ ।

ਇਹ ਰੇਡ ਸਵੇਰੇ ਪੋਣੇ ਸੱਤ ਵਜੇ ਘਰ ਹੋਈ ਸੀ ਤੇ ਰਾਤ 9 ਵਜੇ ਦੇ ਕਰੀਬ ਤੱਕ ਚੱਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਡੀ ਕੰਪਨੀ ਬਾਰੇ ਵੀ ਉਨ੍ਹਾਂ ਨੂੰ ਪੁੱਛਗਿੱਛ ਕੀਤੀ ਹੈ ਅਤੇ ਬਿਆਨ ਵੀ ਦਰਜ ਕੀਤੇ ਹਨ। ਤਿੰਨਾਂ ਭਰਾਵਾਂ ਦੇ ਮੋਬਾਈਲ ਵੀ ਈਡੀ ਆਪਣੇ ਨਾਲ ਕੇ ਗਈ ਹੈ। ਈਡੀ ਨੇ ਘਰ, ਸਕੂਲ ਤੇ ਫ਼ੈਕਟਰੀ ‘ਚ ਛਾਪਾ ਮਾਰਿਆ ਤੇ ਕਰੀਬ 14 ਘੰਟੇ ਤੱਕ ਦਸਤਾਵੇਜ਼ ਫਰੋਲੇ ਗਏ। ਵਿਧਾਇਕ ਗੱਜਣਮਾਜਰਾ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਦਬਾਅ ਹੇਠ ਆਉਣ ਵਾਲੇ ਨਹੀਂ ਹਾਂ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗੇ।

40 ਕਰੋੜ ਦੇ ਬੈਂਕ ਲੈਣ-ਦੇਣ ਨਾਲ ਜੋੜ ਕੇ ਵੇਖਿਆ ਜਾ ਰਿਹੈ

ਦੱਸ ਦੇਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਅੱਜ ਹਲਕਾ ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕਾਰੋਬਾਰੀ ਅਦਾਰਿਆਂ ’ਤੇ ਛਾਪੇ ਮਾਰੇ ਹਨ। ਟੀਮ ਨੇ ਵਿਧਾਇਕ ਦੇ ਘਰ, ਜਿੱਤਵਾਲ ਵਿਚਲੀ ਫੀਡ ਫੈਕਟਰੀ ਤੋਂ ਇਲਾਵਾ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਵਿਖੇ ਕਾਰੋਬਾਰੀ ਰਿਕਾਰਡ ਦੀ ਜਾਂਚ ਕੀਤੀ। ਛਾਪਿਆਂ ਦੌਰਾਨ ਈਡੀ ਦੀ ਟੀਮ ਨਾਲ ਸੀਆਰਪੀਐੱਫ ਦੇ ਸੁਰੱਖਿਆ ਕਰਮੀ ਵੀ ਮੌਜੂਦ ਸਨ। ਸਿਆਸੀ ਹਲਕਿਆਂ ਵਿੱਚ ਈਡੀ ਦੀ ਕਾਰਵਾਈ ਨੂੰ 40 ਕਰੋੜ ਦੇ ਬੈਂਕ ਲੈਣ-ਦੇਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਕਿੱਥੇ-ਕਿੱਥੇ ਵੱਜੇ ਛਾਪੇ..

ਜਾਣਕਾਰੀ ਅਨੁਸਾਰ ਅੱਜ ਸਵੇਰੇ ਛੇ ਵਜੇ ਦੇ ਕਰੀਬ ਜਲੰਧਰ ਤੋਂ ਆਈਆਂ ਟੀਮਾਂ ਨੇ ਗੱਜਣਮਾਜਰਾ ਪਰਿਵਾਰ ਦੀ ਨੇੜਲੇ ਪਿੰਡ ਗੱਜਣਮਾਜਰਾ ਸਥਿਤ ਸਾਂਝੀ ਰਿਹਾਇਸ਼ ਸਮੇਤ ਕਾਰੋਬਾਰੀ ਅਦਾਰਿਆਂ (ਤਾਰਾ ਗਰੁੱਪ ਆਫ਼ ਕੰਪਨੀਜ਼) ਅਤੇ ਕੰਮਕਾਜ ਦੇਖਣ ਵਾਲੇ ਤਿੰਨ ਡਾਇਰੈਕਟਰਾਂ ਦੇ ਘਰਾਂ ’ਤੇ ਛਾਪੇ ਮਾਰੇ। ਵਿਧਾਇਕ ਗੱਜਣਮਾਜਰਾ ਦੀ ਪਿੰਡ ਵਿਚਲੀ ਰਿਹਾਇਸ਼, ਸਥਾਨਕ ਤਾਰਾ ਕਾਨਵੈਂਟ ਸਕੂਲ, ਤਾਰਾ ਹੈਲਥ ਫੂਡ ਜਿੱਤਵਾਲ ਅਤੇ ਤਾਰਾ ਐਸਟੇਟ ਗੌਂਸਪੁਰਾ ਦੇ ਦਫ਼ਤਰ ਬਾਹਰ ਤਾਇਨਾਤ ਈਡੀ ਦੀ ਛਾਪਾਮਾਰ ਟੀਮਾਂ ਨਾਲ ਆਏ ਸੀਆਰਪੀਐੱਫ ਜਵਾਨਾਂ ਨੇ ਪੱਤਰਕਾਰਾਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਈਡੀ ਨੇ ਗੱਜਣਮਾਜਰਾ ਪਰਿਵਾਰ ਦੇ ਕਾਰੋਬਾਰੀ ਅਦਾਰਿਆਂ ਨਾਲ ਸਬੰਧਤ ਅਧਿਕਾਰੀਆਂ ਦੇ ਪਿੰਡ ਲਸੋਈ, ਸਿਰਥਲਾ ਅਤੇ ਅਲੀਪੁਰ ਸਥਿਤ ਘਰਾਂ ਵਿੱਚ ਵੀ ਛਾਪੇ ਮਾਰੇ।

‘ਸਿਆਸੀ ਬਦਲਾਖੋਰੀ ਤੇ ਅਕਸ ਵਿਗਾੜਨ ਲਈ ਮਾਰੇ ਛਾਪੇ’

ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਤਾਰਾ ਗਰੁੱਪ ਆਫ਼ ਕੰਪਨੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਕਾਫ਼ੀ ਸਾਲ ਪਹਿਲਾਂ ਤਾਰਾ ਗਰੁੱਪ ਆਫ਼ ਕੰਪਨੀਜ਼ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇਹ ਛਾਪੇ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਹੀ ਮਾਰੇ ਗਏ ਹਨ।

ਮਈ ਮਹੀਨੇ ਵਿੱਚ ਵੀ ਮਾਰੇ ਸਨ ਛਾਪੇ

ਵਿਧਾਇਕ ਗੱਜਣਮਾਜਰਾ ਨੇ ਵਿਧਾਨ ਸਭਾ ਚੋਣਾਂ ਮੌਕੇ ਚੋਣ ਜਿੱਤਣ ਦੀ ਸੂਰਤ ’ਚ ਵਿਧਾਇਕ ਵਜੋਂ ਤਨਖ਼ਾਹ ਅਤੇ ਪੈਨਸ਼ਨ ਨਾ ਲੈਣ ਦਾ ਹਲਫ਼ੀਆ ਬਿਆਨ ਦਿੱਤਾ ਸੀ। ਲੁਧਿਆਣਾ ਸਥਿਤ ਬੈਂਕ ਦੀ ਸ਼ਿਕਾਇਤ ’ਤੇ ਮਈ ਮਹੀਨੇ ਸੀਬੀਆਈ ਟੀਮ ਨੇ ਵਿਧਾਇਕ ਗੱਜਣਮਾਜਰਾ ਦੀ ਰਿਹਾਇਸ਼ ਅਤੇ ਕਾਰੋਬਾਰੀ ਅਦਾਰਿਆਂ ’ਤੇ ਛਾਪੇ ਮਾਰੇ ਸਨ। ਸੀਬੀਆਈ ਦੀ ਟੀਮ ਉਦੋਂ ਕਰੀਬ 16 ਲੱਖ ਰੁਪਏ ਦੀ ਨਗ਼ਦੀ, ਵਿਦੇਸ਼ੀ ਕਰੰਸੀ ਤੇ ਕੁਝ ਦਸਤਾਵੇਜ਼ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਸੀ।