ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਵਿਚ ਸਾਹਮਣੇ ਆਇਆ ਹੈ ਕਿ ਸੈਕੰਡਰੀ ਸਿੱਖਿਆ ਦੀ ਦਰ ਵਿਚ ਲਗਾਤਾਰ ਵਾਧਾ ਤਾਂ ਹੋ ਰਿਹਾ ਹੈ ਪਰ ਇਹ ਸਰਕਾਰੀ ਸਕੂਲਾਂ ਦੀ ਬਜਾਇ ਨਿੱਜੀ ਸਕੂਲਾਂ ਵਿਚ ਜ਼ਿਆਦਾ ਹੋਇਆ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਸਰਕਾਰੀ ਸਕੂਲਾਂ ਵਿਚ ਕੋਈ ਵਾਧਾ ਨਹੀਂ ਹੋਇਆ ਹੈ ਜਦੋਂਕਿ ਨਿੱਜੀ ਸਕੂਲਾਂ ਦੀ ਗਿਣਤੀ ਵਿਚ ਬਹੁਤ ਵੱਡਾ ਵਾਧਾ ਹੋਇਆ ਹੈ।
: ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਵਿਭਾਗ ਦੀ ਇਕ ਖੋਜਾਰਥਣ ਨੇ ਆਪਣੇ ਖੋਜ ਕਾਰਜ ਰਾਹੀਂ ਦਾਅਵਾ ਕੀਤਾ ਹੈ ਕਿ ਪਿਛਲੇ ਸਮੇਂ ਦੌਰਾਨ ਸਮਾਜ ’ਚ ਭਾਵੇਂ ਆਧੁਨਿਕਤਾ ਦੇ ਖੇਤਰ ’ਚ ਵੱਡੀਆਂ ਤਬਦੀਲੀਆਂ ਆਈਆਂ ਹਨ ਤੇ ਸੂਬੇ ਵਿੱਚ ਵਿਦਿਅਕ ਸੰਸਥਾਵਾਂ ਦੀਆਂ ਵੱਡੀਆਂ ਇਮਾਰਤਾਂ ਵੀ ਉਸਰ ਗਈਆਂ ਹਨ, ਪਰ ਸਰਕਾਰੀ ਪੱਧਰ ’ਤੇ ਅਜਿਹੀਆਂ ਸਰਗਰਮੀਆਂ ਬਹੁਤ ਘੱਟ ਗਈਆਂ ਹਨ। । ਜਾਣਕਾਰੀ ਅਨੁਸਾਰ 1970 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਵਧਦੀ ਰਹੀ ਹੈ, ਪਰ 1990 ਮਗਰੋਂ ਸਿਰਫ਼ ਪ੍ਰ੍ਰਾਈਵੇਟ ਸਕੂਲਾਂ ਦੀ ਗਿਣਤੀ ਵਿੱਚ ਹੀ ਵਾਧਾ ਹੋਇਆ ਹੈ। ਇਹ ਵੇਰਵੇ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਵਿਭਾਗ ਦੇ ਅਧਿਆਪਕ ਡਾ. ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਖੋਜਾਰਥਣ ਡਾ. ਮਨਦੀਪ ਕੌਰ ਵੱਲੋਂ ਕੀਤੀ ਗਈ ਖੋਜ ਵਿੱਚ ਮਿਲੇ ਹਨ। ਇਹ ਖੋਜ ਕਾਰਜ ਪੰਜਾਬ ਦੇ ਸ਼ਹਿਰੀ ਖੇਤਰ ਵਿੱਚ ਸੈਕੰਡਰੀ ਸਕੂਲ ਸਿੱਖਿਆ ਵਿੱਚ 2001 ਤੋਂ 2015 ਦਰਮਿਆਨ ਹੋਏ ਵਿਕਾਸ ਬਾਬਤ ਕੀਤਾ ਗਿਆ ਹੈ।
ਖੋਜ ਕਾਰਜ ਵਿੱਚ ਡਾ. ਮਨਦੀਪ ਕੌਰ ਨੇ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਨੂੰ ਆਧਾਰ ਬਣਾ ਕੇ ਸ਼ਹਿਰੀਕਰਨ ਤੇ ਸੈਕੰਡਰੀ ਸਿੱਖਿਆ ਦੀ ਦਰ ਵਿੱਚ ਸਮਾਨਤਾ ਤੇ ਵਖਰੇਵਿਆਂ ਦਾ ਅਧਿਐਨ ਕੀਤਾ ਹੈ। ਇਸ ਖੋਜ ਵਿੱਚ ਸਰਕਾਰੀ, ਪ੍ਰਾਈਵੇਟ ਅਤੇ ਗ੍ਰਾਂਟ-ਇਨ-ਏਡ ਸਕੂਲਾਂ ਨੂੰ ਅਧਿਐਨ ਦਾ ਹਿੱਸਾ ਬਣਾਇਆ ਗਿਆ ਹੈ। ਇਸ ਖੋਜ ਲਈ ਹਰੇਕ ਸ਼ਹਿਰ ’ਚੋਂ 15 (ਕੁੱਲ 45) ਸਕੂਲਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚੋਂ ਪੰਜ ਸਕੂਲ ਸਰਕਾਰੀ, ਪੰਜ ਪ੍ਰਾਈਵੇਟ ਤੇ ਪੰਜ ਸਕੂਲ ਗ੍ਰਾਂਟ ਇਨ ਏਡ ਵਾਲੇ ਲਏ ਗਏ।
ਖੋਜ ਦੌਰਾਨ ਸਾਹਮਣੇ ਆਇਆ ਹੈ ਕਿ ਪਟਿਆਲਾ ਜ਼ਿਲ੍ਹੇ ’ਚ 1970 ਮਗਰੋਂ ਤੇ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ’ਚ 2000 ਤੋਂ ਬਾਅਦ ਇੱਕ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਨਹੀਂ ਬਣਿਆ। ਕਈ ਵਾਰਡਾਂ ’ਚ ਲੋੜ ਤੋਂ ਵੱਧ ਸਕੂਲ ਹਨ ਤੇ ਕਈ ਵਾਰਡਾਂ ’ਚ ਹੈ ਹੀ ਨਹੀਂ।