‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : CU ਵਾਇਰਲ ਵੀਡੀਓ ਮਾਮਲੇ ‘ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਐੱਸਆਈਟੀ ਦਾ ਗਠਨ ਕੀਤਾ ਹੈ। ਇਸ ਟੀਮ ਵਿੱਚ ਤਿੰਨ ਮਹਿਲਾ ਪੁਲਿਸ ਅਫ਼ਸਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਗੁਰਪ੍ਰੀਤ ਕੌਰ ਦਿਉ ਸਿੱਟ ਦੀ ਅਗਵਾਈ ਕਰਨਗੇ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਲੈੱਕਟ੍ਰੋਨਿਕ ਡਿਵਾਇਸ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਤਿੰਨ ਮਹਿਲਾ ਅਫ਼ਸਰਾਂ ਦੀ ਐੱਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ। ਅਸੀਂ ਇਸ ਮਾਮਲੇ ਦੀ ਗਹਿਰਾਈ ਤੱਕ ਜਾਵਾਂਗੇ। ਡੀਜੀਪੀ ਯਾਦਵ ਨੇ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ।

ਘੜੂੰਆਂ ਕੈਂਪਸ ਵੀਡੀਓ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਨੇ ਸੰਗੀਨ ਮਾਮਲੇ ਦੀ ਸਟੇਟਸ ਰਿਪੋਰਟ ਤੁਰੰਤ ਕਮਿਸ਼ਨ ਨੂੰ ਭੇਜੇ ਜਾਣ ਲਈ ਵੀ ਕਿਹਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਦੀਆਂ ਦੋ ਵਾਰਡਨ ਮੁਅੱਤਲ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਹੋਸਟਲ ਵਾਰਡਨਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ ਅਤੇ ਹੋਸਟਲ ਦਾ ਸਮਾਂ ਵੀ ਬਦਲਿਆ ਗਿਆ ਹੈ। ਯੂਨੀਵਰਸਿਟੀ ਵਿੱਚ 24 ਸਤੰਬਰ ਤੱਕ ਛੇ ਦਿਨਾਂ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਸੋਮਵਾਰ ਤੜਕੇ ਡੇਢ ਵਜੇ ਦੇ ਕਰੀਬ ਵਿਦਿਆਰਥੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਕਥਿਤ ਵੀਡੀਓ ਇੱਕ ਵਿਦਿਆਰਥਣ ਨੇ ਹੋਸਟਲ ਦੇ ਬਾਥਰੂਮ ਵਿੱਚ ਸ਼ੂਟ ਕੀਤਾ ਸੀ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਜੀਐਸ ਭੁੱਲਰ ਨੇ ਬੀਤੀ ਦੇਰ ਰਾਤ ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਰਾਜ਼ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਸਮਾਪਤ ਕਰ ਦਿੱਤਾ।