Punjab

ਚਰਚਾ ਦਾ ਵਿਸ਼ਾ ਬਣਿਆ ਇਹ ਗੁਰਦੁਆਰਾ ਸਾਹਿਬ, ਸਾਬਕਾ ਪੁਲਿਸ ਅਧਿਕਾਰ ਨੇ ਕੀਤਾ ਅਲੱਗ ਤਰੀਕੇ ਨਾਲ ਨਿਰਮਾਣ

ਫਾਜ਼ਿਲਕਾ : ਪੰਜਾਬ ਦੇ ਮਾਲਵਾ ਇਲਾਕੇ ਵਿੱਚ ਪੈਂਦੇ ਫਾਜ਼ਿਲਕਾ ਸ਼ਹਿਰ ਦੀ ਪੁਲਿਸ ਲਾਈਨ ਵਿੱਚ ਨਵਾਂ ਬਣਿਆ ਗੁਰਦੁਆਰਾ ਸਾਹਿਬ ਆਪਣੇ ਵਿਲੱਖਣ ਸਰੂਪ ਕਾਰਨ ਚਰਚਾ ਵਿੱਚ ਹੈ। ਇਹ ਪੂਰੀ ਤਰ੍ਹਾਂ ਲੱਕੜ ਦਾ ਬਣਿਆ ਹੋਇਆ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਗੁਰਦੁਆਰਾ ਸਾਹਿਬ ਹੈ।

ਇਸ ਵਿੱਚ ਫਿਨਲੈਂਡ ਤੋਂ ਪ੍ਰਾਪਤ ਪਾਈਨ ਲੱਕੜ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਿਰਮਾਣ ‘ਤੇ ਕਰੀਬ 50 ਲੱਖ ਰੁਪਏ ਖਰਚ ਕੀਤੇ ਗਏ ਹਨ। 80×160 ਫੁੱਟ ਥਾਂ ‘ਚ ਬਣਿਆ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀਬ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ। ਇਸ ਤੋਂ ਬਾਅਦ ਇਹ ਆਸਥਾ ਅਤੇ ਖਿੱਚ ਦਾ ਕੇਂਦਰ ਬਣ ਗਿਆ ਹੈ ਤੇ ਇੱਥੇ ਮੱਥਾ ਟੇਕਣ ਵਾਲੀਆਂ ਸੰਗਤਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ।

ਇਸ ਗੁਰਦੁਆਰਾ ਸਾਹਿਬ ਦੇ ਨਿਰਮਾਣ ਦੇ ਪਿੱਛੇ ਇੱਕ ਸਾਬਕਾ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਦੀ ਸੋਚ ਰਹੀ ਹੈ, ਜੋ ਕੁਝ ਵੱਖਰਾ ਕਰਨਾ ਚਾਹੁੰਦੇ ਸਨ।

ਸਾਬਕਾ ਐਸਐਸਪੀ ਭੁਪਿੰਦਰ ਸਿੰਘ ਜਦੋਂ ਇੱਥੇ ਤਾਇਨਾਤ ਸਨ ਤਾਂ ਇਹ ਗੱਲ ਉਹਨਾਂ ਨੂੰ ਆਪਣੇ ਸਟਾਫ ਰਾਹੀਂ ਪਤਾ ਲਗੀ ਕਿ ਪੁਲੀਸ ਲਾਈਨ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ। ਇਸ ਸਬੰਧੀ ਉਨ੍ਹਾਂ ਲੁਧਿਆਣਾ ਦੇ ਆਪਣੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਭੁਪਿੰਦਰ ਸਿੰਘ ਇਸ ਗੁਰਦੁਆਰਾ ਸਾਹਿਬ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਕੁਝ ਵੱਖਰਾ ਕਰਨਾ ਚਾਹੁੰਦੇ ਸਨ। ਇਸ ਦੇ ਨਿਰਮਾਣ ਲਈ, ਉਸਨੇ ਸਹਿ-ਕਰਮਚਾਰੀਆਂ, ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਦੋਸਤਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਫੰਡ ਇਕੱਠਾ ਕੀਤਾ। ਇਸ ਦਾ ਨਿਰਮਾਣ ਲੁਧਿਆਣਾ ਸਥਿਤ ਕੰਪਨੀ ਵੁੱਡ ਮਾਸਟਰ ਪ੍ਰਾਈਵੇਟ ਲਿਮਟਿਡ ਦੇ ਕਾਰੀਗਰਾਂ ਨੇ ਕੀਤਾ ਸੀ। ਇਸ ਨੂੰ ਬਣਾਉਣ ਵਿਚ ਚਾਰ ਮਹੀਨੇ ਲੱਗ ਗਏ।

ਕੰਪਨੀ ਦਾ ਕਹਿਣਾ ਹੈ ਕਿ 50 ਸਾਲ ਤੱਕ ਇਸ ਦੀ ਦਿੱਖ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਉਸ ਦੀ ਪੋਸਟਿੰਗ ਹੁਣ ਕਿਸੇ ਹੋਰ ਜ਼ਿਲ੍ਹੇ ਵਿੱਚ ਹੋ ਗਈ ਹੈ ਪਰ ਇਸ ਗੁਰਦੁਆਰਾ ਸਾਹਿਬ ਰਾਹੀਂ ਉਨ੍ਹਾਂ ਦੀ ਯਾਦ ਹਮੇਸ਼ਾ ਫਾਜ਼ਿਲਕਾ ਨਾਲ ਜੁੜੀ ਰਹੇਗੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਜ਼ਿਲ੍ਹਾ ਪੁਲਿਸ ਅਫ਼ਸਰ ਅਤੇ ਜਵਾਨ ਨਗਰ ਕੀਰਤਨ ਦੇ ਰੂਪ ਵਿਚ ਪੰਚ ਪਿਆਰਿਆਂ ਦੀ ਅਗਵਾਈ ਵਿਚ ਪੁਲਿਸ ਲਾਈਨ ਵਿਖੇ ਲਿਆਂਦਾ ਗਿਆ | ਇੱਥੇ ਪੰਜਾਬ ਪੁਲੀਸ ਦੇ ਬੈਂਡ ਨੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ।

ਹੁਣ ਰੋਜ਼ਾਨਾ ਸੈਂਕੜੇ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਹੇ ਹਨ। ਹਰ ਰੋਜ਼ ਸਵੇਰੇ 5:30 ਵਜੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ 8 ਵਜੇ ਸੁਖਾਸਨ ਕਰ ਦਿੱਤਾ ਜਾਂਦਾ ਹੈ। ਗੁਰਦੁਆਰਾ ਗੁਰੂ ਸ਼੍ਰੀ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਲਾਈਨ ਵਿੱਚ ਸਰਬੱਤ ਦੇ ਭਲੇ ਲਈ ਸਥਾਪਿਤ ਗੁਰਦੁਆਰਾ ਸਾਹਿਬ ਤੋਂ ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਵਧੀਆ ਉਪਰਾਲਾ ਹੈ।