Punjab

ਇਹਨਾਂ 4 ਮੰਗਾਂ ਕਾਰਨ ਸੂਬੇ ਦੀ ਰਾਜਧਾਨੀ ਬਣੀ ਸਿੰਘੂ ਬਾਰਡਰ, ਲੱਗ ਗਏ ਪੱਕੇ ਡੇਰੇ

ਮੁਹਾਲੀ : ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਲਾਪਤਾ ਸਰੂਪਾਂ ਦਾ ਮਾਮਲਾ ,ਬੰਦੀ ਸਿੰਘਾਂ ਦੀ ਰਿਹਾਈ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ‘ਤੇ ਗੋਲੀਆਂ ਚਲਾਉਣ ਦਾ ਮਾਮਲਾ,ਇਹਨਾਂ ਸਾਰਿਆਂ ਮੰਗਾਂ ਨੂੰ ਲੈ ਕੇ ਰੋਹ ਹੁਣ ਸੂਬੇ ਦੀ ਰਾਜਧਾਨੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ ।

ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਉਸ ਸਮੇਂ ਮਾਹੌਲ ਥੋੜਾ ਗਰਮਾ ਗਿਆ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦੀ ਅਗਵਾਈ ਵਿੱਚ ਧਰਨਾਕਾਰੀ ਤੇ ਹੋਰ ਸੰਗਤ ਪਹਿਲਾਂ ਐਲਾਨੇ ਪ੍ਰੋਗਰਾਮ ਦੇ ਮੁਤਾਬਿਕ ਪਹਿਲਾਂ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿੱਖੇ ਇਕੱਠੀਆਂ  ਹੋਈਆਂ ਤੇ ਫਿਰ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ। ਜਿਥੇ ਚੰਡੀਗੜ੍ਹ-ਮੁਹਾਲੀ ਦੀ ਹੱਦ ‘ਤੇ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਥੇ ਹੀ ਪੱਕਾ ਜਾਮ ਲਾ ਦਿੱਤਾ ਤੇ ਮੋਰਚਾ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ।ਜਿਸ ਤੋਂ ਬਾਅਦ, ਕੜਾਕੇ ਦੀ ਠੰਡ ਦੇ ਬਾਵਜੂਦ ਸੜਕ ‘ਤੇ ਹੀ ਪ੍ਰਦਰਸ਼ਨਕਾਰੀਆਂ ਨੇ  ਟਰੈਕਟਰ ਟਰਾਲੀਆਂ ਲਾ ਕੇ ਸਿੰਘੂ ਬਾਰਡਰ ਵਾਂਗ ਪੱਕੇ ਡੇਰੇ ਲਾ ਲਏ ਹਨ।

 

ਮੋਰਚੇ ਵੱਲੋਂ ਮੁੱਖ ਤੋਰ ‘ਤੇ 4 ਮੰਗਾਂ ਰੱਖੀਆਂ ਗਈਆਂ ਹਨ।

• ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ

• ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ

• ਲਾਪਤਾ ਸਰੂਪਾਂ ਦੇ ਮਾਮਲੇ ਦੀ ਜਾਂਚ ਕਰਾਈ ਜਾਵੇ

• ਸਿੱਖ ਸੰਗਤ ‘ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ

ਮੋਰਚੇ ਦੇ ਆਗੂਆਂ ਨੇ ਇਹ ਗੱਲ ਸਾਫ ਕੀਤੀ ਹੈ ਕਿ ਇਥੋਂ ਕੋਈ ਵੀ ਸਰਕਾਰ ਦੇ ਸੱਦੇ ‘ਤੇ ਪ੍ਰਸ਼ਾਸਨ ਨਾਲ ਮੁਲਾਕਾਤ ਨਹੀਂ ਕਰਨ ਜਾਵੇਗਾ,ਜਿਸ ਨੇ ਵੀ ਗੱਲ ਕਰਨੀ ਹੈ ,ਉਹ ਇਥੇ ਆ ਕੇ ਕਰੇ।ਪੱਕੇ ਮੋਰਚੇ ਦੀ ਤਿਆਰੀ ਇਥੇ ਕਰ ਲਈ ਗਈ ਹੈ । ਲੰਗਰਾਂ ਦੇ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਟੈਂਟ ਵੀ ਲਾ ਲਏ ਗਏ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ਇਨਸਾਫ਼ ਲਈ ਅਲੱਗ ਅਲੱਗ ਮੁਹਿੰਮਾਂ ਚਲਾਉਣ ਦੀ ਬਜਾਇ ਹੁਣ ਸਾਂਝਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਤੇ ਉਸ ਅਧੀਨ ਹੀ ਅੱਜ ਦੀ ਇਹ ਕਾਰਵਾਈ ਹੋਈ ਹੈ ਤੇ ਸੂਬੇ ਦੀ ਰਾਜਧਾਨੀ ਵਿੱਚ ਉਪਰੋਕਤ ਚਾਰ ਮੰਗਾਂ ਨੂੰ ਲੈ ਕੇ ਹੁਣ ਪੱਕੇ ਮੋਰਚੇ ਲੱਗ ਗਏ ਹਨ।