Punjab

ਮਾਂ ਨੇ ਦਿੱਤਾ 4 ਬੱਚਿਆਂ ਨੂੰ ਜਨਮ, 5 ਦਿਨਾਂ ਦਾ ਹੋਇਆ ਸਾਢੇ ਤਿੰਨ ਲੱਖ ਤੱਕ ਦਾ ਖਰਚਾ, ਹਾਲੇ 30 ਦਿਨ ਹੋਰ ਰਹਿਣਾ

ਮਲੇਰਕੋਟਲਾ : ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਝੱਲ ਵਿਖੇ ਪਿਛਲੇ ਦਿਨੀਂ ਇਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਸ ਵਿੱਚ 2 ਲੜਕੀਆਂ ਅਤੇ 2 ਲੜਕੇ ਪੈਦਾ ਹੋਏ। ਚਾਰੇ ਬੱਚੇ ਤੰਦਰੁਸਤ ਹਨ। ਬੱਚਿਆਂ ਦੇ ਪਿਤਾ ਗੁਰਪ੍ਰੀਤ ਸਿੰਘ ਝੱਲ ਨੇ ਦੱਸਿਆ ਕਿ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਉਸਦੀ ਪਤਨੀ ਨੇ 4 ਬੱਚਿਆਂ ਨੂੰ ਜਨਮ ਦਿੱਤਾ ਪਰ ਜਣੇਪਾ ਸਮੇਂ ਤੋਂ ਪਹਿਲਾਂ ਹੋਣ ਕਾਰਨ ਚਾਰੇ ਬੱਚਿਆਂ ਨੂੰ ਲੁਧਿਆਣਾ ਦੇ ਇਕ ਹੋਰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ, ਜਿਥੇ ਸਿਰਫ 5 ਦਿਨਾਂ ਦਾ ਸਾਢੇ ਤਿੰਨ ਲੱਖ ਰੁਪਏ ਦਾ ਖਰਚਾ ਹਸਪਤਾਲ ਵਲੋਂ ਪਾਇਆ ਗਿਆ, ਜੋ ਪਰਿਵਾਰ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਭਰਿਆ ਗਿਆ।

ਉਹ ਮਾਲੇਰਕੋਟਲਾ ਦੀ ਇਕ ਨਿੱਜੀ ਫੈਕਟਰੀ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਉਸਦੀ ਸਾਰੇ ਸਾਲ ਦੀ ਤਨਖਾਹ ਵੀ ਇਕ ਲੱਖ ਰੁਪਏ ਤੋਂ ਪਾਰ ਨਹੀਂ ਹੁੰਦੀ ਜਦਕਿ ਹਸਪਤਾਲਾਂ ਵਿਚ ਲੱਖਾਂ ਰੁਪਏ ਖ਼ਰਚ ਹੋ ਰਹੇ ਹਨ। ਹੁਣ ਬੱਚਿਆਂ ਨੂੰ ਲੁਧਿਆਣਾ ਦੇ ਕਿਸੇ ਹੋਰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ , ਜਿਥੇ ਇਕ ਮਹੀਨੇ ਦੇ ਕਰੀਬ ਉਨ੍ਹਾਂ ਨੂੰ ਰੱਖਿਆ ਜਾਵੇਗਾ। ਚਾਰੇ ਬੱਚੇ ਤੰਦਰੁਸਤ ਹਨ ਅਤੇ ਉਨ੍ਹਾਂ ਦੀ ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਪਰਿਵਾਰ ਵੱਲੋਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ।