‘ਦ ਖ਼ਾਲਸ ਬਿਊਰੋ (ਹਰਸ਼ਰਨ ਕੌਰ / ਪੁਨੀਤ ਕੌਰ) : 

ਖਿੜਿਆ ਫੁੱਲ ਗੁਲਾਬ ਦਾ

ਚੰਡੀਗੜ ਪੰਜਾਬ ਦਾ

ਇਹ ਨਾਅਰਾ ਦਹਾਕਿਆਂ ਤੱਕ ਗੂੰਜਦਾ ਰਿਹਾ ਸੀ, ਜਦੋਂ ਪੰਜਾਬ ਦੇ ਪਿੰਡ ਉਜਾੜ ਕੇ ਵਸੀ ਯੂਨੀਵਰਸਿਟੀ ਚੰਡੀਗੜ ਉਤੋਂ ਪੰਜਾਬ ਦੇ ਹੱਕ ਖੋਹੇ ਜਾਣ ਲੱਗੇ ਸੀ। ਹੁਣ ਤਾਂ ਪੰਜਾਬ ਦੀ ਆਪਣੀ ਰਾਜਧਾਨੀ ਉੱਤੇ ਪੰਜਾਬ ਦੇ ਹੱਕ ਲਗਾਤਾਰ ਖੋਹੇ ਜਾ ਰਹੇ ਹਨ। ਪਿਛਲੇ ਦਿਨੀਂ CU ਘੜੂੰਆਂ ਦਾ ਮਸਲਾ ਪੂਰੀ ਦੁਨੀਆ ਸਾਹਮਣੇ ਉਜਾਗਰ ਹੋਇਆ ਹੈ। ਇਸ ਦਰਮਿਆਨ ਚੰਡੀਗੜ੍ਹ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਸੋਮਵਾਰ ਨੂੰ ਟਵਿੱਟਰ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਸੀਯੂ ਚੰਡੀਗੜ੍ਹ ਵਿੱਚ ਨਹੀਂ ਹੈ। ਇਹ ਪੰਜਾਬ ਦੇ ਮੁਹਾਲੀ ਵਿੱਚ ਸਥਿਤ ਹੈ। ਹਾਲਾਂਕਿ ਇਸ ਮਸਲੇ ‘ਤੇ ਕਿਰਨ ਖੇਰ ਨੂੰ ਪੰਜਾਬ ਦੇ ਲੋਕਾਂ ਦੀ ਤਿੱਖੀ ਆਲੋਚਨਾ ਵੀ ਸਹਿਣੀ ਪਈ, ਜਿਹਨਾਂ ਨੂੰ ਹਿਰਖ ਆਇਆ ਕਿ ਚੰਡੀਗੜ ਨੂੰ ਪੰਜਾਬ ਤੋਂ ਵੱਖ ਕਿਵੇਂ ਕਰ ਸਕਦੇ ਹੋ। ਹਾਲਾਂਕਿ PU ਨੂੰ ਵੀ ਆਪਣੀ ਵੈੱਬਸਾਈਟ ‘ਤੇ ਸਪੱਸ਼ਟੀਕਰਨ ਦੇਣਾ ਪਿਆ ਕਿ ਸਾਡੀ ਯੂਨੀ. CU ਨਾਲ ਕਿਤੇ ਵੀ ਸਬੰਧਤ ਨਹੀਂ ਹੈ। ਆਖਿਰਕਾਰ ਐਸਾ ਕੀ ਜੋ ਦੋਵਾਂ ਨੂੰ ਜੋੜਦਾ ਹੈ। ਅਸੀਂ ਅੱਜ ਦੋਵਾਂ ਯੂਨੀਵਰਸਿਟੀਆਂ ਵਿਚਲੇ ਅੰਤਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

Chandigarh University and Punjab University
ਚੰਡੀਗੜ੍ਹ ਯੂਵੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ

PU ਅਤੇ CU ਕਿੱਥੇ ਸਥਿਤ ਹਨ ਅਤੇ ਉਹਨਾਂ ਦਾ ਪ੍ਰਬੰਧਨ ਕੌਣ ਕਰਦਾ ਹੈ?

ਅਸੀਂ ਪਹਿਲਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਾਰੇ ਜਾਣਦੇ ਹਾਂ :

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

• ਪੰਜਾਬ ਯੂਨੀਵਰਸਿਟੀ (PU), ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ ਹੈ।
• ਇਹ ਇੱਕ ਕੇਂਦਰੀ ਅਤੇ ਰਾਜ ਸਰਕਾਰ ਦੁਆਰਾ ਫੰਡ ਪ੍ਰਾਪਤ ਯੂਨੀਵਰਸਿਟੀ ਹੈ।
• ਇਹ ਯੂਨੀਵਰਸਿਟੀ ਵਿਗਿਆਨ, ਤਕਨਾਲੋਜੀ, ਕਲਾ, ਖੇਡਾਂ, ਸਿੱਖਿਆ ਆਦਿ ਖੇਤਰਾਂ ਵਿੱਚ ਕੋਰਸ ਅਤੇ ਖੋਜ ਡਿਗਰੀਆਂ ਮੁਹੱਈਆ ਕਰਵਾਉਂਦੀ ਹੈ।
• ਇਹ 1882 ਵਿੱਚ ਲਾਹੌਰ ਵਿਚ ਕਾਇਮ ਕੀਤੀ ਗਈ ਸੀ।
• 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਸ ਦੇ ਹੈਡਕੁਆਰਟਰ ਸੋਲਨ (ਹੁਣ ਹਿਮਾਚਲ ਪ੍ਰਦੇਸ਼) ਵਿਖੇ ਕਾਇਮ ਕੀਤੇ ਗਏ।
• ਸਾਲ 1956 ਵਿੱਚ ਚੰਡੀਗੜ੍ਹ ਵਿਖੇ ਯੂਨੀਵਰਸਿਟੀ ਦਾ ਮੌਜੂਦਾ ਕੈਂਪਸ ਕਾਇਮ ਕੀਤਾ ਗਿਆ।
• 130 ਸਾਲਾਂ ਤੋਂ ਦੁਨੀਆਂ ਲਈ ਇਹ ਯੂਨੀਵਰਸਿਟੀ ਪੰਜਾਬ ਦਾ ਮਾਨ ਹੈ।

Punjab University Chandigarh
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਯੂਨੀਵਰਸਿਟੀ ਦੀ ਵੰਡ ਕਿਵੇਂ ਹੋਈ ?

ਜਦੋਂ ਚੰਡੀਗੜ੍ਹ ਦੇ ਡਿਜ਼ਾਈਨਰਾਂ, ਪੀਅਰੇ ਜੇਨੇਰੇਟ, ਅਤੇ ਲੇ ਕੋਰਬੁਜ਼ੀਅਰ ਨੇ ਚੰਡੀਗੜ੍ਹ ਦੇ ਸੈਕਟਰ-14 ਨੂੰ ਯੂਨੀਵਰਸਿਟੀ ਨੂੰ ਸਮਰਪਿਤ ਕਰ ਦਿੱਤਾ ਤਾਂ 1956 ਵਿੱਚ ਇਹ ਚੰਡੀਗੜ੍ਹ ਵਿੱਚ ਸ਼ਿਫਟ ਹੋ ਗਈ। ਯੂਨੀਵਰਸਿਟੀ ਨੇ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੀ ਸੇਵਾ ਕੀਤੀ। ਰਾਜ ਪੁਨਰਗਠਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ, ਯੂਨੀਅਨ ਨੂੰ ਤਿੰਨ ਰਾਜਾਂ ਵਿੱਚ ਵੰਡਿਆ ਗਿਆ ਸੀ; ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਆਪਣੇ ਖੇਤਰ ਵਿੱਚ ਕਾਲਜਾਂ ਨੂੰ ਚਲਾਉਣ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਪੰਜਾਬ ਯੂਨੀਵਰਸਿਟੀ ਪੰਜਾਬ ਨੂੰ ਸੌਂਪੇ ਜਾਣ ਦੀ ਉਮੀਦ ਸੀ। ਫਿਰ ਵੀ, ਇਹ ਇੱਕ ਅੰਤਰ-ਰਾਜੀ ਬਾਡੀ ਕਾਰਪੋਰੇਟ ਵਜੋਂ ਕੇਂਦਰ ਕੋਲ ਹੀ ਰਹੀ, ਜਿੱਥੇ ਇਹ ਫੈਸਲਾ ਕੀਤਾ ਗਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਫੰਡਾਂ ਅਤੇ ਮਨੁੱਖੀ ਸਰੋਤਾਂ ਵਿੱਚ ਯੋਗਦਾਨ ਪਾਉਣਗੀਆਂ। ਪਰ, ਪੰਜਾਬ ਪਿਛਲੇ ਕਈ ਸਾਲਾਂ ਤੋਂ ਵੱਧ ਰਹੇ ਕਰਜ਼ੇ ਕਾਰਨ ਆਪਣਾ ਹਿੱਸਾ ਨਹੀਂ ਪਾ ਸਕਿਆ।

Map of Chandigarh

ਚੰਡੀਗੜ੍ਹ ਯੂਨੀਵਰਸਿਟੀ

• ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ (CU), ਇੱਕ ਦਹਾਕੇ ਪੁਰਾਣੀ ਪ੍ਰਾਈਵੇਟ ਯੂਨੀਵਰਸਿਟੀ ਹੈ, ਜੋ ਸਾਲ 2012 ਵਿੱਚ ਸਥਾਪਿਤ ਕੀਤੀ ਗਈ ਸੀ, ਜਿਸਦਾ ਕੈਂਪਸ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੀ ਖਰੜ ਤਹਿਸੀਲ ਵਿੱਚ ਘੜੂੰਆਂ ਵਿਖੇ ਸਥਿਤ ਹੈ।
• ਇਸ ਦੀ ਸਥਾਪਨਾ ਇੱਕ ਸਿੱਖ ਉੱਦਮੀ-ਕਮ-ਪਰਉਪਕਾਰੀ (Sikh entrepreneur-cum-philanthropist) ਸਤਨਾਮ ਸਿੰਘ ਸੰਧੂ ਦੁਆਰਾ ਕੀਤੀ ਗਈ ਸੀ, ਜਿਨ੍ਹਾਂ ਨੇ ਪਹਿਲੀ ਵਾਰ ਸਾਲ 2001 ਵਿੱਚ ਮੁਹਾਲੀ ਦੇ ਲਾਂਡਰਾਂ ਵਿਖੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (CGC) ਦੀ ਸ਼ੁਰੂਆਤ ਕੀਤੀ ਸੀ।
• ਚੰਡੀਗੜ੍ਹ ਯੂਨੀਵਰਸਿਟੀ ਦੀ ਵੈੱਬਸਾਈਟ ਕਹਿੰਦੀ ਹੈ, “ਯੂਨੀਵਰਸਿਟੀ ਦਾ ਨਾਮ ਦ’ ਸਿਟੀ ਬਿਊਟੀਫੁੱਲ-ਚੰਡੀਗੜ੍ਹ (The City Beautiful – Chandigarh) ਤੋਂ ਪ੍ਰੇਰਿਤ ਹੈ, ਜਿਸ ਨੂੰ ਸੱਭਿਆਚਾਰਕ ਵਿਰਾਸਤ ਅਤੇ ਸ਼ਹਿਰੀਕਰਨ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ।”

Chandigarh University Punjab
ਚੰਡੀਗੜ੍ਹ ਯੂਨੀਵਰਸਿਟੀ

ਸੋ, ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਥਿਤ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਸਥਿਤ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਨਾਂ ਨੂੰ ਲੈ ਕੇ ਕੀ ਵਿਵਾਦ ਹੈ ?

• ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪੀਯੂ, ਜੋ ਕਿ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਸਰਕਾਰੀ ਸੰਸਥਾ ਹੈ, ਨੂੰ ਅਹਿਸਾਸ ਹੋਇਆ ਕਿ ਪੰਜਾਬ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਆਪਣੇ ਨਾਮ ਵਿੱਚ “ਚੰਡੀਗੜ੍ਹ” ਦੀ ਵਰਤੋਂ ਕਰ ਰਹੀ ਹੈ, ਜਿਸ ਨਾਲ ਪੀਯੂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਯੂਨੀਵਰਸਿਟੀ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ ਹੈ।
• ਇਸ ਮਾਮਲੇ ਦੀ ਜਾਂਚ ਲਈ ਪੀਯੂ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਪਰ ਆਖਰਕਾਰ ਇਹ ਮਾਮਲਾ ਕਿਸੇ ਤਰਕਪੂਰਨ ਸਿੱਟੇ ‘ਤੇ ਨਹੀਂ ਪਹੁੰਚ ਸਕਿਆ।
• ਕਮੇਟੀ ਦੇ ਮੈਂਬਰਾਂ ਨੇ ਸਾਲ 2019 ਵਿੱਚ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਸੀ ਕਿ ਪੰਜਾਬ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਨੂੰ ਕੋਈ ਵੀ ਸੁਝਾਅ ਦੇਣ ਤੋਂ ਪਹਿਲਾਂ ਇਸ ਮੁੱਦੇ ‘ਤੇ ਕਾਨੂੰਨੀ ਰਾਏ ਲਈ ਜਾਣੀ ਚਾਹੀਦੀ ਹੈ।
• ਪੀਯੂ ਦੇ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਐਮ.ਰਾਜੀਵਲੋਚਨ (M Rajivlochan), ਜੋ ਕਮੇਟੀ ਦੇ ਮੈਂਬਰਾਂ ਵਿੱਚੋਂ ਇੱਕ ਸਨ, ਨੇ ਕਿਹਾ, “ਪ੍ਰਤੀਕ ਅਤੇ ਨਾਮ (Emblems and Names (Prevention of Improper Use) ਐਕਟ, 1950, ਸਪੱਸ਼ਟ ਤੌਰ ‘ਤੇ ਕਹਿੰਦਾ ਹੈ ਕਿ ਅਸੀਂ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਨਿੱਜੀ ਉਦੇਸ਼ਾਂ ਲਈ ਰਾਜਾਂ/ਯੂਟੀ ਦੇ ਨਾਮ ਦੀ ਵਰਤੋਂ ਨਹੀਂ ਕਰ ਸਕਦੇ। ਅਸੀਂ ਇਹ ਮੁੱਦਾ ਇਸ ਲਈ ਉਠਾਇਆ ਸੀ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮਕਰਨ ਕਈ ਪੱਧਰਾਂ ‘ਤੇ ਪੀਯੂ ਦੇ ਬ੍ਰਾਂਡ ਅਕਸ ਨੂੰ ਠੇਸ ਪਹੁੰਚਾ ਰਿਹਾ ਸੀ, ਖਾਸ ਕਰਕੇ ਵਿਦਿਆਰਥੀਆਂ ਦੇ ਦਾਖਲਿਆਂ ਦੌਰਾਨ। ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦਾ ਦਾਖਲਾ ਫਾਰਮ ਭਰ ਕੇ ਪਹੁੰਚ ਪੰਜਾਬ ਯੂਨੀਵਰਸਿਟੀ ਜਾਂਦੇ ਸਨ। ਇਸ ਲਈ ਆਖਰਕਾਰ ਉੱਚ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਸਰਕਾਰੀ ਪੱਧਰ ‘ਤੇ ਅੱਗੇ ਤੱਕ ਚੁੱਕਣਾ ਪਿਆ।

Chandigarh University and Punjab University

PU ਦਾ ਸਪੱਸ਼ਟੀਕਰਨ

ਦੋਵਾਂ ਯੂਨੀਵਰਸਿਟੀਆਂ ਵਿਚਕਾਰ ਨਾਵਾਂ ਦੀ ਉਲਝਣ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਪੀਯੂ ਨੂੰ ਆਪਣੀ ਵੈਬਸਾਈਟ ‘ਤੇ ਸਪੱਸ਼ਟੀਕਰਨ ਜਾਰੀ ਕਰਨਾ ਪਿਆ ਕਿ ਇਹ ਕਿਸੇ ਵੀ ਤਰ੍ਹਾਂ ਸੀਯੂ ਨਾਲ ਸਬੰਧਤ ਨਹੀਂ ਹੈ। ਯੂਨੀਵਰਸਿਟੀ ਨੇ ਆਪਣੀ ਵੈੱਬਸਾਈਟ ਉੱਤੇ ਲਿਖਿਆ, “ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਹੈ, ਜੋ ਕਿ ਇੱਕ ਨਿੱਜੀ ਯੂਨੀਵਰਸਿਟੀ ਹੈ ਅਤੇ ਚੰਡੀਗੜ੍ਹ ਤੋਂ ਲਗਭਗ 25 ਕਿਲੋਮੀਟਰ ਦੂਰ ਮੁਹਾਲੀ ਜ਼ਿਲ੍ਹੇ ਵਿੱਚ ਸਥਿਤ ਹੈ।

ਵਾਇਰਲ ਵੀਡੀਓ ਮਾਮਲੇ ਦਾ PU ਨਾਲ ਕੀ ਸਬੰਧ ਹੈ ?

ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਨੇ ਇਹ ਮੰਨ ਲਿਆ ਹੈ ਕਿ ਵੀਡੀਓ ਲੀਕ ਹੋਣ ਦੀ ਘਟਨਾ ਚੰਡੀਗੜ੍ਹ ਯੂਨੀਵਰਸਿਟੀ ਦੀ ਬਜਾਏ ਪੀਯੂ ‘ਚ ਵਾਪਰੀ ਸੀ, ਜਿਸ ਤੋਂ ਬਾਅਦ ਇਹ ਮੁੱਦਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਵੀ ਮੰਨਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਸਰਕਾਰੀ ਸੰਸਥਾ ਹੈ ਕਿਉਂਕਿ ਇਸਦੇ ਨਾਮ ਵਿੱਚ “ਚੰਡੀਗੜ੍ਹ” ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਇਸ ਵਿਵਾਦ ਉੱਤੇ ਟਿੱਪਣੀ ਕੀਤੀ, “ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਭਿਆਨਕ ਘਟਨਾ ਤੋਂ ਮੈਂ ਨੈਤਿਕ ਤੌਰ ‘ਤੇ ਹਿੱਲ ਗਈ ਹਾਂ। ਇਸ ਸੰਸਥਾ ਕਾਰਨ ਮੇਰੇ ਸ਼ਹਿਰ ਦਾ ਨਾਂ ਬਦਨਾਮ ਹੋ ਰਿਹਾ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਯੂਨੀਵਰਸਿਟੀ ਖਰੜ, ਪੰਜਾਬ ਵਿੱਚ ਸਥਿਤ ਹੈ।”

Chandigarh University

ਪੀਯੂ ਟੀਚਰਜ਼ ਐਸੋਸੀਏਸ਼ਨ (PUTA) ਦੇ ਪ੍ਰਧਾਨ ਮ੍ਰਿਤੁੰਜੇ ਕੁਮਾਰ (Mritunjay Kumar) ਨੇ ਕਿਹਾ, “ਇਹ ਯੂਟੀ ਪ੍ਰਸ਼ਾਸਨ ਦਾ ਵਿਸ਼ੇਸ਼ ਅਧਿਕਾਰ ਹੈ ਕਿ ਉਹ ਇਸ ਗੱਲ ਦੀ ਜਾਂਚ ਕਰੇ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਮ ਦੀ ਵਰਤੋਂ ਕਿਵੇਂ ਕਰ ਸਕਦੀ ਹੈ ਜਦਕਿ ਇਹ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਥਿਤ ਵੀ ਨਹੀਂ ਹੈ। ਪੀਯੂ ਵੱਲੋਂ ਦੋਵੇਂ ਯੂਨੀਵਰਸਿਟੀਆਂ ਦੇ ਨਾਮ ਦੇ ਮੁੱਦੇ ਨੂੰ ਸੁਲਝਾਉਣ ਲਈ ਇੱਕ ਕਮੇਟੀ ਬਣਾਈ ਗਈ ਸੀ, ਪਰ ਨਤੀਜਾ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਸੀ। ਹੁਣ ਵੀਡੀਓ ਵਾਇਰਲ ਦੇ ਨਵੇਂ ਮਾਮਲੇ ਨੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ ਕਿ ਇਹ ਘਟਨਾ PU ਵਿੱਚ ਵਾਪਰੀ ਹੈ।

ਕੌਣ ਹਨ ਸਤਨਾਮ ਸਿੰਘ ਸੰਧੂ ?

Satnam Singh Sandhu
ਸਤਨਾਮ ਸਿੰਘ ਸੰਧੂ
  • ਸਾਲ 2012 ‘ਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਸਤਨਾਮ ਸਿੰਘ ਸੰਧੂ ਨਾਮ ਦੇ ਵਿਅਕਤੀ ਵੱਲੋਂ ਕੀਤੀ ਗਈ।
  • ਸੰਧੂ ਨੂੰ ਇੱਕ ਸਿੱਖ ਉੱਦਮ ਵਜੋਂ ਜਾਣੇ ਜਾਂਦੇ ਹੈ, ਜੋ ਕਿਸੇ ਰਾਜਨੀਤਕ ਪਾਰਟੀ ਨਾਲ ਸਿੱਧੇ ਤੌਰ ‘ਤੇ ਨਹੀਂ ਜੁੜੇ ਹੋਏ।
  • ਚੰਡੀਗੜ੍ਹ ਯੂਨੀਵਰਸਿਟੀ ਦਾ ਚਾਂਸਲਰ ਹੋਣ ਦੇ ਨਾਲ-ਨਾਲ ਉਹ ਚੰਡੀਗੜ੍ਹ ‘ਚ ਸਮਾਜ ਭਲਾਈ ਦਾ ਕੰਮ ਕਰ ਰਹੀਆਂ ਦੋ ਗ਼ੈਰ ਸਰਕਾਰੀ ਸੰਸਥਾਵਾਂ, ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਅਤੇ ਨਿਊ ਇੰਡੀਆ ਡਿਵਲਪਮੈਂਟ (ਐਨਆਈਟੀ) ਫਾਊਂਡੇਸ਼ਨ, ਦੇ ਪੈਟਰਨ ਵੀ ਹੈ।
  • ਕਿਸੇ ਸਮੇਂ ਖੇਤੀ-ਬਾੜੀ ਨਾਲ ਜੁੜੇ ਰਹਿਣ ਤੋਂ ਬਾਅਦ ਸੰਧੂ ਨੇ ਸਾਲ 2001 ‘ਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੀ ਸਥਾਪਨਾ ਕਰ ਕੇ ਸਿੱਖਿਆ ਦੇ ਖੇਤਰ ‘ਚ ਪੈਰ ਰੱਖਿਆ।
    ਕਾਲਜ ਤੋਂ ਏਸ਼ੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ ‘ਚ ਸ਼ਾਮਲ ਹੋਣ ਦਾ ਸਫ਼ਰ ਫ਼ਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਸਨੀਕ ਸੰਧੂ ਨੇ ਆਪਣੇ ਭਾਈਵਾਲ ਰਛਪਾਲ ਸਿੰਘ ਧਾਲੀਵਾਲ ਨਾਲ ਤੈਅ ਕੀਤਾ ਹੈ।
  • ਜ਼ਿਮੀਂਦਾਰ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਦੋਵੇਂ ਪਾਰਟਨਰ ਆਪਣੀ ਉਮਰ ਦੇ ਪੰਜਵੇਂ ਦਹਾਕੇ ‘ਚ ਹਨ ਤੇ ਦੋਵਾਂ ਨੇ ਮਿਲ ਕੇ ਸਿੱਖਿਆ ਦੇ ਖੇਤਰ ‘ਚ ਨਵੇਂ ਕੀਰਤੀਮਾਨ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ।
  • ਮਾਲਵੇ ਨਾਲ ਸਬੰਧਤ ਦੋਵੇਂ ਪਾਰਟਨਰਾਂ ਨੇ ਚੰਡੀਗੜ੍ਹ ਦੇ ਬਾਹਰਵਾਰ ਇੱਕ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ, ਜਿਸ ਲਈ 95 ਲੱਖ ਲੋਨ ਲੈ ਕੇ ਤਿੰਨ ਏਕੜ ਜ਼ਮੀਨ ਖਰੀਦੀ।
  • ਪਹਿਲੇ ਸਾਲ ਬੀਸੀਏ ਤੇ ਐੱਮਸੀਏ ਕੋਰਸ ਸ਼ੁਰੂ ਕੀਤੇ, ਜਿਨ੍ਹਾਂ ‘ਚ 100 ਦੇ ਕਰੀਬ ਵਿਦਿਆਰਥੀਆਂ ਨੇ ਦਾਖਲਾ ਲਿਆ।
  • ਉਨ੍ਹਾਂ ਝੰਜੇੜੀ ਤੇ ਘੜੂੰਆਂ ਵਿਖੇ ਵੀ ਆਪਣਾ ਕੈਂਪਸ ਖੋਲ੍ਹ ਲਿਆ, ਜੋ ਬਾਅਦ ‘ਚ ਚੰਡੀਗੜ੍ਹ ਯੂਨੀਵਰਸਿਟੀ ਬਣਿਆ।