India

ਦਿੱਲੀ ਨਗਰ ਨਿਗਮ ਚੋਣਾਂ ਦੇ ਐਲਾਨ ਨੂੰ ਟਾਲਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ

‘ਦ ਖ਼ਾਲਸ ਬਿਊਰੋ :ਦਿੱਲੀ ਨਗਰ ਨਿਗਮ ਚੋਣਾਂ ਦੇ ਐਲਾਨ ਨੂੰ ਟਾਲਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਦਿੱਲੀ ਨਗਰ ਨਿਗਮ ਦੀਆਂ ਚੋਣਾਂ ਨਿਰਧਾਰਤ ਸਮੇਂ ਅਨੁਸਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦੇਸ਼ ਦੀ ਸਰਵੋਚ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।ਦਿੱਲੀ ਨਗਰ ਨਿਗਮਾਂ ਦੀ ਮਿਆਦ ਮਈ 2022 ਵਿੱਚ ਖਤਮ ਹੋ ਰਹੀ ਹੈ।
ਦਾਇਰ ਪਟੀਸ਼ਨ ਵਿੱਚ ਪੁੱਛਿਆ ਗਿਆ ਹੈ ਕਿ ਕੀ ਰਾਜ ਚੋਣ ਕਮਿਸ਼ਨ ਨੂੰ ਕੇਂਦਰ ਸਰਕਾਰ ਵੱਲੋਂ ਮਿਉਂਸਿਪਲ ਚੋਣਾਂ ਮੁਲਤਵੀ ਕਰਨ ਲਈ ਭੇਜੀ ਗਈ ਗੈਰ-ਰਸਮੀ ਸੂਚਨਾ ਤੋਂ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਮਿਸ਼ਨ ਚੋਣ ਜ਼ਾਬਤਾ ਲਾਉਣ ਲਈ ਤਿਆਰ ਸੀ।
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਰਾਜ ਚੋਣ ਕਮਿਸ਼ਨ ‘ਤੇ ਭਾਰਤ ਸਰਕਾਰ ਦਾ ਪ੍ਰਭਾਵ ਹੈ ਅਤੇ ਨਗਰ ਨਿਗਮ ਚੋਣਾਂ ਕਰਵਾਉਣ ‘ਚ ਇਸ ਦੀ ਵੱਡੀ ਦਖਲਅੰਦਾਜ਼ੀ ਹੈ | ‘ਆਪ’ ਨੇ ਪਟੀਸ਼ਨ ‘ਚ ਦਲੀਲ ਦਿੱਤੀ ਹੈ ਕਿ ਰਾਜ ਚੋਣ ਕਮਿਸ਼ਨ ਦਿੱਲੀ ਨਗਰ ਨਿਗਮ ਚੋਣਾਂ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਨੇ ਕਈ ਨੋਟਿਸਾਂ, ਨੋਟੀਫਿਕੇਸ਼ਨਾਂ ਅਤੇ ਹੁਕਮਾਂ ਰਾਹੀਂ ਇਹ ਸੰਕੇਤ ਵੀ ਦਿੱਤਾ ਸੀ ਕਿ ਚੋਣਾਂ ਅਪ੍ਰੈਲ 2022 ‘ਚ ਕਰਵਾਈਆਂ ਜਾਣਗੀਆਂ ਪਰ 9 ਮਾਰਚ, 2022 ਨੂੰ ਚੋਣ ਕਮਿਸ਼ਨ ਨੇ ਪ੍ਰੈੱਸ ਨੂੰ ਇਕ ਬਿਆਨ ਜਾਰੀ ਕਰਕੇ ਚੋਣਾਂ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।