Punjab

ਠੰਡ ਦਾ ਕਹਿਰ : ਬਠਿੰਡਾ ਅਤੇ ਰੋਪੜ ਨੇ ਤੋੜੇ ਰਿਕਾਰਡ…

‘ਦ ਖ਼ਾਲਸ ਬਿਊਰੋ :  ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਕੜਾਕੇ ਦੀ ਠੰਡ ਪੈ ਰਹੀ ਹੈ। ਕਈ ਸ਼ਹਿਰਾਂ ’ਚ ਦਿਨ ਵੇਲੇ ਧੁੱਪ ਨਹੀਂ ਨਿਕਲੀ। ਇਸ ਨਾਲ ਦਿਨ ਦੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਸੋਮਵਾਰ ਨੂੰ ਸਭ ਤੋਂ ਠੰਢਾ ਰਿਹਾ। ਉੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਰਾਤ ਦਾ ਤਾਪਮਾਨ ਰੋਪੜ ਵਿਖੇ ਸਭ ਤੋਂ ਘੱਟ -0.8 ਡਿਗਰੀ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਤਾਪਮਾਨ 6.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ , ਅੰਮ੍ਰਿਤਸਰ ‘ਚ 5.0 , ਲੁਧਿਆਣਾ ‘ਚ 6.6 , ਪਟਿਆਲਾ ‘ਚ 6.9 , ਪਠਾਨਕੋਟ ‘ਚ 7.9 , ਫਰੀਦਕੋਟ ‘ਚ 4.4, ਮੁਹਾਲੀ 7.9 ਅਤੇ ਮੁਕਤਸਰ ‘ਚ 4.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਮਾਹਰਾਂ ਮੁਤਾਬਿਕ ਅਗਲੇ ਦਿਨ ਠੰਡ ਦਾ ਕਹਿਰ ਝੱਲਣਾ ਪਵੇਗਾ। ਸਵੇਰ ਵੇਲੇ ਸੰਘਣੀ ਧੁੰਦ ਵੀ ਪਵੇਗੀ। ਇਸ ਤੋਂ ਇਲਾਵਾ 29 ਦਸੰਬਰ ਦੀ ਰਾਤ ਤੋਂ ਹਿਮਾਲਿਆ ਦੇ ਖੇਤਰ ’ਚ ਨਵੀ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸ ਤੋਂ ਬਾਅਦ ਨਵੇਂ ਸਾਲ ’ਚ ਬਾਰਿਸ਼ ਦੀ ਸੰਭਾਵਨਾ ਬਣ ਸਕਦੀ ਹੈ। ਮੌਸਮ ਵਿਭਾਗ ਮੁਤਾਬਿਕ 31 ਦਸੰਬਰ ਤੱਕ ਪੰਜਾਬ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਰਹੇਗੀ ਜਾਰੀ।

ਉੱਤਰੀ ਭਾਰਤ ਦਾ ਜ਼ਿਆਦਾਤਰ ਹਿੱਸਾ ਸੀਤ ਲਹਿਰ ਦੀ ਮਾਰ ਝੱਲ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ। ਮੌਸਮ ਵਿਭਾਗ (IMD) ਨੇ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।