ਫਿਰੋਜ਼ਪੁਰ : ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਲੱਗੇ ਧਰਨੇ ਵਿੱਚ ਸ਼ਿਰਕਤ ਕਰਨ ਜਾ ਰਹੇ ਜਥਿਆਂ ਨੂੰ ਰਾਹ ਵਿੱਚ ਰੋਕਣ ਦੀ ਪੁਲਿਸ ਦੀਆਂ ਨਾਕਾਮਯਾਬ ਹੋ ਰਹੀਆਂ ਕੋਸ਼ਿਸ਼ਾਂ ਦਾ ਗੁੱਸਾ ਆਮ ਲੋਕਾਂ ‘ਤੇ ਨਿਕਲਣਾ ਸ਼ੁਰੂ ਹੋ ਗਿਆ ਹੈ। ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਵਿਰੋਧ ਦੇ ਦੌਰਾਨ ਪੁਲਿਸ ਬੇਕਸੂਰਾਂ ਨੂੰ ਵੀ ਤੰਗ ਕਰ ਰਹੀ ਹੈ ਤੇ ਉਹਨਾਂ ਤੇ ਨਾਜਾਇਜ਼ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਇੱਕ ਨੌਜਵਾਨ ਪਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਮੋਰਚੇ ਦੇ ਆਗੂਆਂ ਨੇ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਉਕਤ ਨੌਜਵਾਨ,ਜੋ ਕਿ ਪਿੰਡ ਰਟੌਲ ਰੋਹੀ ਦਾ ਹੀ ਵਾਸੀ ਹੈ,ਦੀ ਇਸ ਪਿੰਡ ਵਿੱਚ ਹੀ ਰੈਡੀਮੇਡ ਕੱਪੜੇ ਦੀ ਦੁਕਾਨ ਸੀ,ਜਿਸ ਦਾ ਨਾਂ ਖਾਲਸਾ ਕਲਾਥ ਹਾਊਸ ਦੱਸਿਆ ਜਾ ਰਿਹਾ ਹੈ। ਆਈਪੀਐਸ ਦੀ ਤਿਆਰੀ ਕਰ ਰਿਹਾ ਉਕਤ ਨੋਜ਼ਵਾਨ ਅਪਣੀ ਦੁਕਾਨ ਅੱਗੇ ਖੜਾ ਸੀ ਤਾਂ ਪੁਲਿਸ ਨੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਇਸਨੂੰ ਬੱਸ ਵਿੱਚ ਸੁਟ ਲਿਆ ਅਤੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ। ਇਹ ਦਾਅਵਾ ਮੋਰਚੇ ਦੇ ਆਗੂਆਂ ਨੇ ਕੀਤਾ ਹੈ ਤੇ ਇਸ ਦਾਅਵੇ ਨੂੰ ਪੁਖਤਾ ਕਰਦੀ ਆਫਆਈਆਰ ਦੀ ਕਾਪੀ ਵੀ ਉਹਨਾਂ ਉਪਲਬੱਧ ਕਰਵਾਈ ਹੈ।
ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਜ਼ੀਰਾ ਇਲਾਕੇ ਵਿੱਚ ਸ਼ਰਾਬ ਦੀ ਫੈਕਟਰੀ ਦਾ ਵਿਰੋਧ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਹਾਈਕੋਰਟ ਵਿੱਚ ਵੀ ਕੇਸ ਸੁਣਵਾਈ ਅਧੀਨ ਹੈ।ਹਾਈਕੋਰਟ ਨੇ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਸਨ ਕਿ ਜਲਦੀ ਤੋਂ ਜਲਦੀ ਫੈਕਟਰੀ ਨੂੰ ਚਾਲੂ ਕਰਵਾਇਾ ਜਾਵੇ ਕਿਉਂਕਿ ਮੌਨੀਟਰਿੰਗ ਕਮੇਟੀ ਦੀ ਰਿਪੋਰਟ ਵਿੱਚ ਫੈਕਟਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਪਰ ਇਲਾਕੇ ਦੇ ਲੋਕਾਂ ਦਾ ਦਾਅਵਾ ਹੇ ਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੈ ।ਇਸ ਫੈਕਟਰੀ ਦੇ ਜ਼ਹਿਰੀਲੇ ਪਾਣੀ ਨੂੰ ਬੋਰ ਰਾਹੀਂ ਧਰਤੀ ਹੇਠਲੇ ਪਾਣੀ ਵਿੱਚ ਮਿਲਾ ਦਿੱਤਾ ਜਾਂਦਾ ਹੈ,ਜਿਸ ਕਾਰਨ ਪੀਣ ਵਾਲੇ ਪਾਣੀ ਰਾਹੀਂ ਕਈ ਜਾਨਲੇਵਾ ਬੀਮਾਰੀਆਂ ਫੈਲ ਰਹੀਆਂ ਹਨ ।