Punjab

25 ਸਾਲ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੋਏ ਪੰਜ ਤੱਤਾਂ ‘ਚ ਵਿਲੀਨ

ਬਾਦਲ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਬਾਦਲ ਪਿੰਡ ਵਿੱਚ ਉਨ੍ਹਾਂ ਵੱਲੋਂ 25 ਸਾਲ ਪਹਿਲਾਂ ਹੱਥੀਂ ਲਗਵਾਏ ਗਏ ਬਾਗ ਵਿੱਚ ਕੀਤਾ ਗਿਆ ਹੈ। ਬਾਦਲ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਤੇ ਪੋਤਰੇ ਅਨੰਤਬੀਰ ਸਿੰਘ ਨੇ ਦਿਖਾਈ। ਮਾਹੌਲ ਉਸ ਵੇਲੇ ਭਾਵੁਕ ਹੋ ਗਿਆ ਜਦੋਂ ਅਗਨੀ ਦੇਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਫੁੱਟ-ਫੁੱਟ ਕੇ ਰੋਣ ਲੱਗ ਪਏ।

ਸਸਕਾਰ ਵਾਸਤੇ ਕਰੀਬ 2 ਏਕੜ ਬਾਗ ਨੂੰ ਵਾਹ ਦਿੱਤਾ ਗਿਆ ਜਦਕਿ ਪਾਰਕਿੰਗ ਲਈ ਆਸ-ਪਾਸ ਦੇ ਖੇਤਾਂ ਵਿੱਚ ਪ੍ਰਬੰਧ ਕੀਤੇ ਗਏ ਸਨ। ਇਹ ਥਾਂ ਲੰਬੀ ਤੋਂ ਬਾਦਲ ਪਿੰਡ ਆਉਣ ਸਮੇਂ ਸਰਕਾਰੀ ਹਸਪਤਾਲ ਦੇ ਨੇੜੇ ਮੁੱਖ ਸੜਕ ਉੱਤੇ ਪੈਂਦੀ ਹੈ। ਇਸੇ ਜਗ੍ਹਾ ‘ਤੇ ਉਨ੍ਹਾਂ ਦੀ ਯਾਦਗਾਰੀ ਵੀ ਬਣਾਈ ਜਾਵੇਗੀ।

ਅੱਜ ਸਵੇਰੇ ਉਨ੍ਹਾਂ ਦੀ ਰਿਹਾਇਸ਼ ਵਿਖੇ ਦੇਹ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਮੌਕੇ ਸਿਆਸੀ ਹਸਤੀਆਂ ਵੀ ਉਨ੍ਹਾਂ ਦੀ ਰਿਹਾਇਸ਼ ਵਿੱਚ ਪਹੁੰਚੀਆਂ। ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਪਿੰਡ ਬਾਦਲ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਣੇ ਹੋਰ ਕਈ ਪਾਰਟੀਆਂ ਦੇ ਵੱਡੇ ਆਗੂ ਵੀ ਵਿਛੜੇ ਆਗੂ ਨੂੰ ਅੰਤਮ ਵਿਦਾਈ ਦੇਣ ਪਹੁੰਚੇ।

ਸਸਕਾਰ ਵਾਲੀ ਜਗਾ ਤੱਕ ਜਾਣ ਲਈ ਅੰਤਿਮ ਸਫ਼ਰ ਲਈ ਟਰਾਲੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਦੇਹ ਨੂੰ ਰੱਖਿਆ ਗਿਆ ਸੀ। ਪਰਿਵਾਰ ਦੋ ਹੋਰ ਮੈਂਬਰ ਤੇ ਹੋਰ ਨਜ਼ਦੀਕੀ ਵੀ ਇਸੇ ਟਰਾਲੀ ਵਿੱਚ ਸਵਾਰ ਹੋਏ।ਇਸ ਦੌਰਾਨ ਪੁੱਤਰ ਸੁਖਬੀਰ ਸਿੰਘ ਬਾਦਲ,ਭਤੀਜੇ ਮਨਪ੍ਰੀਤ ਸਿੰਘ ਬਾਦਲ ਤੇ ਪੋਤਰੇ ਅਨੰਤਬੀਰ ਸਿੰਘ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ। ਅੰਤਿਮ ਸਮੇਂ ਉਹਨਾਂ ਨੂੰ ਪੰਜਾਬ ਪੁਲੀਸ ਦੇ ਜਵਾਨਾਂ ਨੇ ਹਥਿਆਰ ਪੁੱਠੇ ਕਰਕੇ ਵੀ ਸਲਾਮੀ ਦਿੱਤੀ । ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਬਲਜੀਤ ਸਿੰਘ ਨੇ ਚਿੱਖਾ ਨੂੰ ਅਗਨੀ ਦਿੱਤੇ ਜਾਣ ਤੋਂ ਪਹਿਲਾਂ ਅਰਦਾਸ ਕੀਤੀ।