Lok Sabha Election 2024 Punjab Religion

ਪੰਜਾਬ ‘ਚ ਕਾਂਗਰਸ ਨੇਤਾ ਖਿਲਾਫ FIR, ਭਗਵਾਨ ਰਾਮ ਦੀ ਫੋਟੋ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ ਲਗਾ ਕੇ ਕੀਤੀ ਵਾਇਰਲ

ਪੰਜਾਬ ਦੇ ਖੰਨਾ ‘ਚ ਕਾਂਗਰਸ ਦੇ ਸੋਸ਼ਲ ਮੀਡੀਆ ਪ੍ਰਧਾਨ ਨੇ ਭਗਵਾਨ ਸ਼੍ਰੀ ਰਾਮ ਦੇ ਚਿਹਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਹੈ। ਜਿਸ ਵਿੱਚ ਭਗਵਾਨ ਹਨੂੰਮਾਨ ਉਨ੍ਹਾਂ ਦੇ ਚਰਨਾਂ ਵਿੱਚ ਨਜ਼ਰ ਆ ਰਹੇ ਹਨ।

ਇਸ ਫੋਟੋ ਨੂੰ ਦੇਖ ਕੇ ਸ਼ਿਵ ਸੈਨਾ ਹਿੰਦ ਸਟੂਡੈਂਟ ਵਿੰਗ ਇੰਡੀਆ ਦੇ ਪ੍ਰਧਾਨ ਗੌਤਮ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰਧਾਨ ਸੁਧੀਰ ਜੋਸ਼ੀ, ਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੁਧੀਰ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਪੁਲਿਸ ਉਸ ਨੂੰ ਭਗੌੜਾ ਕਰਾਰ ਦੇ ਰਹੀ ਹੈ।

ਗੌਤਮ ਸ਼ਰਮਾ ਮੁਤਾਬਕ 25 ਅਪ੍ਰੈਲ ਨੂੰ ਸੁਧੀਰ ਜੋਸ਼ੀ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਫੋਟੋ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਲਗਾ ਕੇ ਇਕ ਫੋਟੋ ਤਿਆਰ ਕੀਤੀ ਸੀ। ਇਸ ਤਸਵੀਰ ਵਿੱਚ ਭਗਵਾਨ ਸ਼੍ਰੀ ਹਨੂੰਮਾਨ ਜੀ ਪ੍ਰਧਾਨ ਮੰਤਰੀ ਮੋਦੀ ਦੇ ਪੈਰਾਂ ਕੋਲ ਬੈਠੇ ਨਜ਼ਰ ਆ ਰਹੇ ਹਨ। ਇਸ ਨੂੰ ਸੁਧੀਰ ਜੋਸ਼ੀ ਨੇ ਅਪਲੋਡ ਕੀਤਾ ਸੀ।

ਇਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਸੁਧੀਰ ਜੋਸ਼ੀ ਦੇ ਫੇਸਬੁੱਕ ਅਕਾਊਂਟ ਤੋਂ ਅਪਲੋਡ ਕੀਤੀ ਗਈ ਵਿਵਾਦਤ ਫੋਟੋ ਦਾ ਪ੍ਰਿੰਟਆਊਟ ਅਤੇ ਉਸ ਦੇ ਨਾਲ ਟਿੱਪਣੀਆਂ ਦੀ ਕਾਪੀ ਵੀ ਲਈ ਗਈ ਸੀ।