Punjab

ਪੰਜਾਬ ਸਰਕਾਰ ਨੂੰ ਕਿਉਂ ਲੈਣਾ ਪਿਆ ਇਹ ਫੈਸਲਾ, ਦੋ ਦਿਨ ਹੋਰ ਹੋਵੇਗੀ ਝੋਨੇ ਦੀ ਖਰੀਦ

the government extended the purchase of paddy for two more days

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਦੋ ਦਿਨ ਹੋਰ ਝੋਨੇ ਦੀ ਖਰੀਦ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਫ਼ੈਸਲੇ ਮਗਰੋਂ ਮੰਡੀ ਬੋਰਡ ਵੱਲੋਂ ਅੱਜ ਪੱਤਰ ਜਾਰੀ ਕੀਤਾ ਗਿਆ, ਜਿਸ ਮੁਤਾਬਕ ਮੰਡੀਆਂ ’ਚ 25 ਨਵੰਬਰ ਨੂੰ ਸ਼ਾਮ 5 ਵਜੇ ਤੱਕ ਝੋਨੇ ਦੀ ਖਰੀਦ ਕੀਤੀ ਜਾਵੇਗੀ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਜਗਰਾਉਂ ਸਮੇਤ 6 ਮੁੱਖ ਯਾਰਡਾਂ ਤੇ 39 ਖਰੀਦ ਕੇਂਦਰ ਸ਼ਾਮਲ ਕੀਤੇ ਗਏ ਹਨ। ਜ਼ਿਲ੍ਹਾ ਬਰਨਾਲਾ ਦੀਆਂ ਮਾਰਕੀਟ ਕਮੇਟੀਆਂ ਅਧੀਨ ਸਾਰੇ ਮੁੱਖ ਯਾਰਡਾਂ, ਸਬ ਯਾਰਡਾਂ ਤੇ ਖਰੀਦ ਕੇਂਦਰਾਂ ’ਚ ਖਰੀਦ ਕੀਤੀ ਜਾਵੇਗੀ। ਇਹ ਫੈਸਲਾ ਜਗਰਾਉਂ ਦੀ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਬੰਦ ਹੋਣ ਤੋਂ ਨਿਰਾਸ਼ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਅਤੇ ਮਾਲਵੇ ਦੀਆਂ ਵੱਡੀ ਗਿਣਤੀ ਮੰਡੀਆਂ ਵਿੱਚ ਝੋਨਾ ਆਉਣ ਮਗਰੋਂ ਲਿਆ ਗਿਆ ਹੈ।

ਇਸ ਵਾਰ ਸਰਕਾਰ ਨੇ 17 ਨਵੰਬਰ ਨੂੰ ਖਰੀਦ ਬੰਦ ਕਰ ਦਿੱਤੀ ਸੀ, ਪਰ ਝੋਨਾ ਮੰਡੀਆਂ ’ਚ ਆਉਂਦਾ ਰਿਹਾ। ਇਕੱਲੀ ਜਗਰਾਉਂ ਮੰਡੀ ’ਚ 2950 ਕੁਇੰਟਲ ਝੋਨਾ 17 ਤੋਂ ਬਾਅਦ ਆਇਆ ਹੈ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਧਿਆਨ ’ਚ ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਮਾਮਲਾ ਲਿਆਂਦਾ ਸੀ। ਇਸ ਸਬੰਧੀ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀ ਮੁੱਖ ਮੰਤਰੀ ਤੇ ਖੁਰਾਕ ਸਪਲਾਈ ਵਿਭਾਗ ਦੇ ਮੰਤਰੀ ਨੂੰ 23 ਨਵੰਬਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ।