Khetibadi

ਝੋਨੇ ਤੋਂ ਵੱਧ ਝਾੜ ਲੈਣ ਦਾ ਨੁਸਖਾ, ਕੈਂਪ ‘ਚ ਖੇਤੀ ਮਾਹਰਾਂ ਨੇ ਦੱਸਿਆ…

Seed modification, paddy seeds, agricultural news

ਮੁਹਾਲੀ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਿੰਡ ਧਰਮਗੜ੍ਹ ਬਲਾਕ ਡੇਰਾਬੱਸੀ ਵਿਖ਼ੇ ਕਿਸਾਨ ਜਾਗਰੂਕ ਕੈੰਪ ਲਗਾਇਆ ਗਿਆ l ਇਸ ਦੌਰਾਨ ਬੋਲਦਿਆਂ ਖੇਤੀਬਾੜੀ ਅਫਸਰ ਡਾਕਟਰ ਹਰਸੰਗੀਤ ਸਿੰਘ ਨੇ ਕਿਸਾਨਾਂ ਨੂੰ  ਦੱਸਿਆ ਕੇ ਝੋਨੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਬੀਜ ਦੀ ਸੋਧ ਜ਼ਰੂਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ,ਬੀਜ ਨੂੰ ਤੰਦਰੁਸਤ, ਬਿਮਾਰੀ-ਰਹਿਤ ਤੇ ਜ਼ਿਆਦਾ ਝਾੜ ਦੇਣ ਵਾਲਾ ਨੁਸਖਾ ਹੈ। ਝੋਨੇ ਵਿਚ ਇਕ ਏਕੜ ਬੀਜ ਦੀ ਸੋਧ ਦੀ ਕੀਮਤ 33 ਰੁਪਏ ਤੋਂ ਵੀ ਘੱਟ ਪੈਂਦੀ ਹੈ।

ਬੀਜ ਦੀ ਸੋਧ ਕਰਕੇ ਨਰਸਰੀ ਬੀਜਣ ਨਾਲ ਪੁੰਗਾਰ ਵਿਚ 20-25% ਤੱਕ ਦਾ  ਵਾਧਾ ਹੋ ਸਕਦਾ ਹੈ। ਝੋਨੇ ਵਿਚ ਬੀਜ ਸੋਧ ਨਾਲ ਬੀਜ ਉਪਰੋਂ ਬਿਮਾਰੀ ਦੀ ਅਗੇਤੀ ਲਾਗ ਨਸਟ ਹੋ ਜਾਂਦੀ ਹੈ। ਜਿਸ ਕਰਕੇ ਬਾਅਦ ਵਿੱਚ ਖੇਤ ਵਿਚ ਉੱਲੀਨਾਸ਼ਕਾਂ ਦੀ ਲੋੜ ਘੱਟ ਪੈਂਦੀ ਹੈ।

ਉਨਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇੱਕ ਏਕੜ ਵਿੱਚੋਂ ਝੋਨੇ ਦੀ ਪਨੀਰੀ ਲਗਾਉਣ ਲਈ 8 ਕਿਲੋ ਨਿਰੋਗ ਬੀਜ ਚੁਣੋ।ਇਸ ਚੁਣੇ ਹੋਏ ਬੀਜ ਨੂੰ 10 ਲਿਟਰ ਪਾਣੀ ਵਿੱਚ ਡੁਬੋ ਕੇ ਚੰਗੀ ਤਰ੍ਹਾਂ ਹਿਲਾਓ। ਜਿਹੜਾ ਹਲਕਾ ਬੀਜ ਪਾਣੀ ਉਤੇ ਤਰ ਆਵੇ ਉਸ ਨੂੰ ਬਾਹਰ ਕੱਢ ਕੇ ਸੁੱਟ ਦਿਓ ਬੀਜ ਨੂੰ 10 -12 ਘੰਟੇ ਲਈ ਪਾਣੀ ਵਿੱਚ ਡੁੱਬਣ ਤੋਂ ਬਾਅਦ ਵਾਧੂ ਪਾਣੀ ਨਿਤਾਰ ਦਿਓ ਅਤੇ ਬੀਜ ਨੂੰ ਸ਼ਾਵੇ ਸੁਕਾ ਕੇ ਉਲੀਨਾਸ਼ਕ ਨਾਲ ਸੋਧੋ। 8 ਕਿੱਲੋ ਬੀਜ ਨੂੰ ਬੀਜਣ ਤੋਂ ਪਹਿਲਾਂ 24 ਗਰਾਮ ਸਪ੍ਰਿੰਟ 75 ਡਬਲਯੂ ਐੱਸ  (ਮੈਨਕੋਜੈਬ±ਕਾਰਬੈਨਡਾਜ਼ਿਮ) ਨਾਲ ਸੋਧੋ ਪਹਿਲਾਂ 24 ਗ੍ਰਾਮ ਸਪ੍ਰਿੰਟ ਨੂੰ 80-100 ਮਿਲੀ ਲਿਟਰ ਪਾਣੀ ਵਿਚ ਘੋਲ ਲਵੋ ਅਤੇ ਫਿਰ ਚੰਗੀ ਤਰ੍ਹਾਂ ਇਸ ਨੂੰ 8 ਕਿੱਲੋ ਬੀਜ ਤੇ ਮਲ ਦਿਉ।

ਇਸ ਤਰਾਂ ਸੋਧਿਆ ਬੀਜ ਸਿੱਧੀ ਬਿਜਾਈ ਲਈ  ਵਰਤ ਸਕਦੇ ਹੋ। ਇਸ ਮੌਕੇ ਸ਼੍ਰੀਮਤੀ ਗੁਰਵਿੰਦਰ ਕੋਰ  ਏ ਈ ਓਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੁਝ ਰਕਬਾ ਖੇਤੀ ਵਿਭਿੰਨਤਾ ਵੱਲ ਵੀ ਲਿਆਉਣ ਅਤੇ ਮੱਕੀ ਦੀ ਕਾਸ਼ਤ ਕਰਨ ਤਾਂ ਜੋ ਪਾਣੀ ਦੇ ਡਿਗਦੇ ਪੱਧਰ ਨੂੰ ਬਚਿਆਂ ਜਾ ਸਕੇl