India Punjab

ਸੀਤ ਲਹਿਰ ਦੀ ਲਪੇਟ ‘ਚ ਉੱਤਰੀ ਭਾਰਤ ! ਦਿੱਲੀ, ਪੰਜਾਬ ਸਮੇਤ ਇਨ੍ਹਾਂ ਰਾਜਾਂ ਵਿੱਚ ਸੰਘਣੀ ਧੁੰਦ, ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ

The fury of the cold wave in North India! Dense fog in these states including Delhi Punjab read latest weather update

ਨਵੀਂ ਦਿੱਲੀ :  ਹਰਿਆਣਾ , ਪੰਜਾਬ , ਰਾਜਸਥਾਨ ਅਤੇ ਦਿੱਲੀ ਸਣੇ ਪੂਰਾ ਦੇਸ਼ ਇਸ ਵੇਲੇ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ।  ਉੱਤਰੀ ਭਾਰਤ ਦਾ ਜ਼ਿਆਦਾਤਰ ਹਿੱਸਾ ਸੀਤ ਲਹਿਰ ਦੀ ਮਾਰ ਝੱਲ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ। ਮੌਸਮ ਵਿਭਾਗ (IMD) ਨੇ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਰਾਜਧਾਨੀ ਦਿੱਲੀ ‘ਚ ਮੌਸਮ ਬੇਹੱਦ ਠੰਡਾ ਬਣਿਆ ਹੋਇਆ ਹੈ। ਅੱਜ ਮੰਗਲਵਾਰ (27 ਦਸੰਬਰ) ਦੀ ਸਵੇਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਆਈਐਮਡੀ ਦੇ ਅਨੁਸਾਰ, ਮੰਗਲਵਾਰ 27 ਦਸੰਬਰ ਦੀ ਸਵੇਰ ਨੂੰ ਦਰਮਿਆਨੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ‘ਚ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਕਿਹਾ ਕਿ ਸੀਤ ਲਹਿਰ ਉੱਤਰ-ਪੱਛਮ ਵਿੱਚ ਰਾਜਸਥਾਨ ਅਤੇ ਪੰਜਾਬ ਤੋਂ ਲੈ ਕੇ ਹਰਿਆਣਾ, ਦਿੱਲੀ ਅਤੇ ਦੱਖਣ-ਪੂਰਬ ਵਿੱਚ ਉੱਤਰ ਪ੍ਰਦੇਸ਼ ਤੱਕ ਫੈਲੀ ਹੋਈ ਹੈ। ਅਗਲੇ 48 ਘੰਟਿਆਂ ਦੌਰਾਨ ਮੁੱਖ ਤੌਰ ‘ਤੇ ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦੇ ਮੌਸਮ ਦੀ ਸੰਭਾਵਨਾ ਹੈ, ਪਰ ਇਸ ਤੋਂ ਬਾਅਦ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ। ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ 3 ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ, ਜੋ ਦਸੰਬਰ ਦੇ ਅੰਤ ਤੱਕ 7-10 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ।

ਰਾਜਸਥਾਨ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ ਹੈ

ਮੌਸਮ ਵਿਭਾਗ ਨੇ ਦੱਸਿਆ ਕਿ ਰਾਜਸਥਾਨ ‘ਚ ਰਾਤ ਨੂੰ ਕੁਝ ਥਾਵਾਂ ‘ਤੇ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ। ਸੀਕਰ ਦੇ ਜ਼ਿਲ੍ਹਾ ਮੌਸਮ ਅਧਿਕਾਰੀ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਫਤਿਹਪੁਰ ਵਿੱਚ ਘੱਟੋ-ਘੱਟ ਤਾਪਮਾਨ -1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਸੱਤ ਡਿਗਰੀ ਘੱਟ ਹੈ। ਚੁਰੂ ਅਤੇ ਕਰੌਲੀ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ 0 ਅਤੇ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਤਾਪਮਾਨ ਨੂੰ ਵੀ ਸੀਤ ਲਹਿਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਜੰਮੂ-ਕਸ਼ਮੀਰ ‘ਚ ਠੰਡ ਕਾਰਨ ਲੋਕਾਂ ਦੀ ਪਰੇਸ਼ਾਨੀ ਵਧ ਗਈ ਹੈ

ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ‘ਚ ਸੋਮਵਾਰ (26 ਦਸੰਬਰ) ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ। ਮੰਗਲਵਾਰ ਨੂੰ ਵੀ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ‘ਚ ਕੜਾਕੇ ਦੀ ਠੰਡ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ੍ਰੀਨਗਰ ਵਿੱਚ ਤਾਪਮਾਨ -3.5 ਡਿਗਰੀ ਸੈਲਸੀਅਸ, ਪਹਿਲਗਾਮ -5.7 ਡਿਗਰੀ ਸੈਲਸੀਅਸ, -5 ਡਿਗਰੀ, ਗੁਲਮਰਗ -13.4 ਅਤੇ ਲੇਹ -10.3 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੜਾਕੇ ਦੀ ਠੰਢ ਕਾਰਨ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਦੀਆਂ ਲਾਈਨਾਂ ਜਾਮ ਹੋ ਗਈਆਂ ਹਨ।

ਸੀਤ ਲਹਿਰ ਅਤੇ ਲਗਾਤਾਰ ਡਿੱਗਦੇ ਤਾਪਮਾਨ ਦੇ ਸਬੰਧ ਵਿੱਚ, ਆਈਐਮਡੀ ਨੇ ਅੱਜ ਪੂਰਬੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਆਈਐਮਡੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟਿਆਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਧੁੰਦ ਦੀ ਚਾਦਰ ਛਾਈ ਰਹੇਗੀ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ।