ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਦੌਰਾਨ ਸੰਸਦ ਦੀ ਬੈਠਕ ਅੱਜ ਦੁਬਾਰਾ ਸ਼ੁਰੂ ਹੋਈ ਹੈ।ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਚਲਦਿਆਂ ਵਿਰੋਧੀ ਧਿਰ ਅੱਜ ਪੰਜਾਬ ਸਰਕਾਰ ਨੂੰ ਘੇਰ ਸਕਦੀ ਹੈ।ਜਿਸ ਕਾਰਨ ਇਹ ਬੈਠਕ ਕਾਫੀ ਹੰਗਾਮੇਦਾਰ ਰਹਿਣ ਦੇ ਆਸਾਰ ਹਨ।
ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਗਿਆ ਸੀ,ਜਿਸ ਮਗਰੋਂ ਉਸ ਤੇ ਬਹਿਸ ਸ਼ੁਰੂ ਹੋਈ ਸੀ।
ਬੈਠਕ ਦੀ ਸ਼ੁਰੂਆਤ ਵਿੱਚ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਜਿਸ ਤੋਂ ਬਾਅਦ ਪੰਜਾਬ ਦੇ ਮੌਜੂਦਾ ਅਮਨ ਕਾਨੂੰਨ ਦੇ ਹਾਲਾਤਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਸਰਕਾਰ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਤੇ ਹਰਜੋਤ ਸਿੰਘ ਬੈਂਸ ਨੇ ਸਵਾਲਾਂ ਦੇ ਜੁਆਬ ਦਿੱਤੇ ।
ਸਪੀਕਰ ਨੇ ਬਾਰ-ਬਾਰ ਵਿਰੋਧੀ ਧਿਰ ਅੱਗੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਪਰ ਕੋਈ ਅਸਰ ਨਹੀਂ ਹੋਇਆ ਤੇ ਨਾਅਰੇਬਾਜੀ ਜਾਰੀ ਰਹੀ।
ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਤੇ ਤਹਿਸੀਲ ਪੱਧਰ ਤੇ ਸਿਹਤ ਕੇਂਦਰਾਂ ਵਿੱਚ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾਣਗੀਆਂ ਤੇ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਰਿਸ਼ਤਾ ਸਕੀਮ ਵੀ ਲਾਗੂ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਹੈ ਕਿ ਅਟਾਰੀ ਬਾਰਡਰ ਵਿੱਖੇ ਟੂਰੀਜ਼ਮ ਨੂੰ ਹੁਲਾਰਾ ਦੇਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਲਾਲੜੂ,ਡੇਰਾਬੱਸੀ ਇਲਾਕੇ ਵਿੱਚ ਪੀਣ ਵਾਲੇ ਪਾਣੀ ਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਕੋਈ ਵੀ ਤਜਵੀਜ਼ ਸਰਕਾਰ ਦੀ ਨਹੀਂ ਹੈ।ਜੇਕਰ ਸੰਬੰਧਤ ਵਿਭਾਗ ਇਸ ਸੰਬੰਧ ਵਿੱਚ ਕੋਈ ਤਜਵੀਜ਼ ਭੇਜੇਗਾ ਤਾਂ ਉਸ ਤੇ ਵਿਚਾਰ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਲੁਧਿਆਣਾ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਸੰਬੰਧੀ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਦੱਸਿਆ ਕਿ ਇਸ ਦੇ ਹਲ ਲਈ ਫਲਾਈ ਓਵਰ ਤੇ ਰੇਲਵੇ ਅੰਡਰ ਬ੍ਰਿਜ ਬਣਾਇਆ ਜਾਵੇਗਾ ਤੇ ਟਰੈਫਿਕ ਪੁਲਿਸ ਵਿੱਚ ਹੋਰ ਭਰਤੀ ਕੀਤੀ ਜਾਵੇਗੀ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਧਾਨ ਸਭਾ ਵਿੱਚ ਰੋਜਾਨਾ ਸੂਬੇ ਦੀਆਂ ਸੜਕਾਂ ਤੇ ਹੁੰਦੇ ਹਾਦਸਿਆਂ ਤੇ ਅੰਕੜੇ ਪੇਸ਼ ਕੀਤੇ ਤੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਦਫਤਰ ਵਲੋਂ 2021 ਵਿੱਚ ਜਾਰੀ ਰਿਪੋਰਟ ਵਿੱਚ 5000 ਮੌਤਾਂ ਸੜ੍ਹਕੀ ਹਾਦਸਿਆਂ ਕਾਰਨ ਹੋਈਆਂ ਹਨ ਤੇ 2000 ਵਿਅਕਤੀ ਇਸ ਕਾਰਨ ਸਖ਼ਤ ਜ਼ਖਮੀ ਹੋਏ ਹਨ,ਜਦੋਂ ਕਿ ਸੜ੍ਹਕ ਹਾਦਸਿਆਂ ਦੀ ਗਿਣਤੀ 6000 ਦੇ ਕਰੀਬ ਸੀ। ਇਹ ਹਾਲਾਤ ਦਿਨ ਪ੍ਰਤੀ ਦਿਨ ਹੋਰ ਵੀ ਖਰਾਬ ਹੁੰਦੇ ਜਾ ਰਹੇ ਹਨ।
ਇੱਕ ਸਵਾਲ ਦੇ ਜੁਆਬ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਫ਼ ਕੀਤਾ ਹੈ ਕਿ ਪੰਜਾਬ ਰਾਜ ਵਿੱਚ ਹਾਲੇ ਪੁਰਾਣਾ ਪੇਅ ਸਕੇਲ ਲਾਗੂ ਕਰਨ ਦੀ ਕੋਈ ਵੀ ਤਜਵੀਜ਼ ਨਹੀਂ ਹੈ। ਕਿਉਂਕਿ 19 ਰਾਜ ਪਹਿਲਾਂ ਹੀ ਕੇਂਦਰ ਦੇ ਪੇਅ ਸਕੇਲ ਨੂੰ ਲਾਗੂ ਕਰ ਕੀਤਾ ਹੋਇਆ ਹੈ।
ਇਸ ਵਿਚਾਲੇ ਵਿਰੋਧੀ ਧਿਰ ਵਲੋਂ ਨਾਅਰੇਬਾਜ਼ੀ ਵੀ ਜਾਰੀ ਰਹੀ ਤੇ ਕਾਂਗਰਸ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।
ਅਕਾਲੀ ਦਲ ਨੇ ਚੁੱਕਿਆ ਅੰਮ੍ਰਿਤਪਾਲ ਦਾ ਮੁੱਦਾ
ਅਕਾਲੀ ਦਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵਿਧਾਨ ਸਭਾ ਵਿੱਚ ਪੰਜਾਬ ਦੇ ਕਾਨੂੰਨੀ ਹਾਲਾਤਾਂ ਤੇ ਅੰਮ੍ਰਿਤਪਾਲ ਬਾਰੇ ਮੁੱਦਾ ਚੁੱਕਿਆ ਹੈ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਕਾਨੂੰਨ ਦੀ ਹੱਦ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਨਜਾਇਜ਼ ਹੀ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਤੇ NSA ਵਰਗੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਜਿਸ ਨਾਲ ਸਿੱਖ ਕੌਮ ਨੂੰ ਪੰਜਾਬ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਅੰਮ੍ਰਤਪਾਲ ਜਾ ਕਿਸੇ ਵੀ ਹੋਰ ਤੇ ਇਹ ਕਾਨੂੰਨ ਬਿਲਕੁਲ ਵੀ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ। ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਭੁਗਤ ਚੁੱਕਾ ਹੈ । ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿਚੋਂ ਚੁਕੇ ਗਏ ਬੇਕਸੂਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਬਸਪਾ ਵਿਧਾਇਕ ਡਾ.ਨਛੱਤਰ ਪਾਲ ਨੇ ਵਿਧਾਇਕਾਂ ਦੇ ਪੀਏ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਕੀਤੀ।
ਭਾਜਪਾ ਨੇ ਅੰਮ੍ਰਿਤਪਾਲ ਮੁੱਦੇ ਤੇ ਆਪ ਦੀ ਕਾਰਵਾਈ ਨੂੰ ਠਹਿਰਾਇਆ ਸਹੀ
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਆਪ ਸਰਕਾਰ ਦੇ ਹੱਕ ਵਿੱਚ ਗੱਲ ਕੀਤੀ ਤੇ ਮਾਨ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਹੀ ਠਹਿਰਾਇਆ ਤੇ ਕਿਹਾ ਕਿ ਪਾਰਟੀ ਵੱਲੋਂ ਹਰ ਤਰਾਂ ਨਾਲ ਸਹਿਯੋਗ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖ ਸਾਰੇ ਹਿੰਦੁਸਤਾਨ ਲਈ ਖਾਸ ਹਨ । ਆਪਣੇ ਸੰਬੋਧਨ ਵਿੱਚ ਉਹਨਾਂ ਅੰਮ੍ਰਿਤਪਾਲ ‘ਤੇ ਨਿਸ਼ਾਨੇ ਲਾਏ ਕਿ ਜੋ ਵਿਅਕਤੀ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਹੈ ਤੇ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦਾ ਕੰਮ ਕਰਦਾ ਹੈ,ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਤੇ ਦੇਸ਼ ਦੇ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਦਾ ਸਾਥ ਨਹੀਂ ਦੇਣਾ ਚਾਹੀਦਾ।
ਪੰਜਾਬ ਵਿਧਾਨ ਸਭਾ ਦੀ ਚੱਲ ਰਹਿ ਬੈਠਕ ਵਿੱਚ ਅਲੱਗ-ਅਲੱਗ ਹਲਕਿਆਂ ਤੋਂ ਚੁੱਣ ਕੇ ਵਿਧਾਇਕਾਂ ਨੇ ਆਪੋ-ਆਪਣੇ ਇਲਾਕੇ ਦੀਆਂ ਸਮੱਸਿਆਵਾਂ ਰੱਖੀਆਂ।
ਸ਼ਰਾਬ ਫੈਕਟਰੀ ਬੰਦ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ
ਜ਼ੀਰਾ ਹਲਕੇ ਤੋਂ ਵਿਧਾਇਕ ਨਰੇਸ਼ ਕਟਾਰਿਆ ਨੇ ਮਾਲਬਰੋਸ ਫੈਕਟਰੀ ਬੰਦ ਕਰਨ ਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਫੈਕਟਰੀ ਨੂੰ ਬੰਦ ਕਰਨ ਦੇ ਲਈ ਲਿਖਤੀ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੋ ਤਾਂ ਜੋ ਉਥੇ ਧਰਨੇ ਤੇ ਬੈਠੇ ਲੋਕ ਆਪਣਾ ਧਰਨਾ ਖ਼ਤਮ ਕਰ ਸਕਣ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੰਬੋਧਨ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹਲਵਾਰਾ ਏਅਰਪੋਰਟ ਨੂੰ ਲੈ ਕੇ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਹੈ,ਜਿਸ ਰਾਹੀਂ ਇਸ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਣ ਦੀ ਤਜਵੀਜ਼ ਹੈ। ਸ਼ਹਿਰੀ ਹਵਾਬਾਜੀ ਕੇਂਦਰੀ ਵਿਭਾਗ ਨੂੰ ਤਜਵੀਜ਼ ਭੇਜੀ ਜਾਵੇਗੀ।
ਜਿਸ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੋੜਤਾ ਕੀਤੀ,ਜਿਸ ਮਗਰੋਂ ਇਸ ਤੇ ਬਹਿਸ ਸ਼ੁਰੂ ਹੋਈ।ਵਿਧਾਇਕਾ ਸਰਬਜੀਤ ਮਾਣੁਕੇ ਨੇ ਇਸ ਗੱਲ ਤੇ ਖੇਦ ਜ਼ਾਹਿਰ ਕੀਤਾ ਕਿ ਇਹ ਕਾਰਵਾਈ ਬਹੁਤ ਦੇਰ ਨਾਲ ਕੀਤੀ ਜਾ ਰਹੀ ਹੈ। ਉਹਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਚਾਨਣਾ ਪਾਇਆ।
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਇਸ ਮਤੇ ਦੇ ਪੱਖ ਵਿੱਚ ਬੋਲਦਿਆਂ ਕਿਹਾ ਕਿ ਸ਼ਹੀਦਾਂ ਦਾ ਸੁਪਨਾ ਹਾਲੇ ਪੂਰੀ ਤਰਾਂ ਨਾਲ ਸਾਕਾਰ ਨਹੀਂ ਹੋਇਆ ਹੈ। ਕਈ ਸਮੱਸਿਆਵਾਂ ਹਾਲੇ ਵੀ ਸਾਡੇ ਸਾਹਮਣੇ ਖੜੀਆਂ ਹਨ। ਸਾਰਿਆਂ ਨੂੰ ਇਹਨਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦੇ ਲਈ ਇੱਕਜੁਟ ਹੋ ਕੇ ਕੰਮ ਕਰਨੇ ਚਾਹੀਦੇ ਹਨ।
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਇਸ ਮਤੇ ਤੇ ਸਹਿਮਤੀ ਜਤਾਈ ਹੈ ਤੇ ਕਿਹਾ ਹੈ ਕਿ ਅੱਜ ਦੀ ਪੀੜੀ ਨੂੰ ਸ਼ਹੀਦਾਂ ਦੇ ਨਾਮ ਭੁਲਦੇ ਜਾ ਰਹੇ ਹਨ।ਇਸ ਲਈ ਇਸ ਤਰਾਂ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਅੱਜ ਦੀ ਪੀੜੀ ਨੂੰ ਇਹਨਾਂ ਸ਼ਹੀਦਾਂ ਬਾਰੇ ਪਤਾ ਚੱਲ ਸਕੇ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਹੈ ਤੇ ਇਹ ਵੀ ਐਲਾਨ ਕੀਤਾ ਹੈ ਕਿ ਜੂਨ ਮਹੀਨੇ ਦੇ ਅੰਤ ਤੱਕ ਇਥੋਂ ਘਰੇਲੂ ਉਡਾਨਾਂ ਸ਼ੁਰੂ ਹੋ ਜਾਣਗੀਆਂ।
ਉਹਨਾਂ ਇਹ ਵੀ ਦੱਸਿਆ ਕਿ ਹਵਾਈ ਅੱਡੇ ਲਈ ਬਜਟ ਜਾਰੀ ਕਰ ਦਿੱਤਾ ਗਿਆ ਹੈ ਤੇ ਕੰਮ ਜੰਗੀ ਪੱਧਰ ਤੇ ਜਾਰੀ ਹੈ। ਜਿਸ ਦਾ ਲੁਧਿਆਣਾ ਦੇ ਵਪਾਰੀਆਂ ਤੇ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।
ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਹੈ ਕਿ ਸ਼ਹੀਦਾਂ ਦਾ ਆਜ਼ਾਦੀ ਵਿੱਚ ਅਹਿਮ ਯੋਗਦਾਨ ਹੈ। ਇਹਨਾਂ ਦੀਆਂ ਸ਼ਹੀਦੀਆਂ ਦੇ ਸਨਮਾਨ ਲਈ ਇਹ ਪ੍ਰਸਤਾਵ ਲਿਆਂਦਾ ਹੈ। ਸਦਨ ਵਿੱਚ ਮੌਜੂਦ ਅਕਾਲੀ ਤੇ ਬੀਜੇਪੀ ਵਿਧਾਇਕਾਂ ਦਾ ਵੀ ਮਾਨ ਨੇ ਧੰਨਵਾਦ ਕੀਤਾ। ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਵਾਲੇ ਦਿਨ ਛੁੱਟੀ ਕਰਨ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। ਇਹ ਪਹਿਲਾਂ ਹੁੰਦੀ ਸੀ ਪਰ ਹੁਣ ਦੁਬਾਰਾ ਬਹਾਲ ਕੀਤਾ ਜਾਵੇਗਾ। ਇਸ ਦਿਨ ਬੱਚੇ ਜੇਕਰ ਚਾਹੁਣ ਤਾਂ ਸਕੂਲ ਆ ਕੇ ਸ਼ਹੀਦਾਂ ਬਾਰੇ ਨਾਟਕ ਖੇਡਣ ਤੇ ਜਾਣਕਾਰੀ ਲੈਣ ਤੇ ਮਾਂ-ਬਾਪ ਵੀ ਇਸ ‘ਤੇ ਗੌਰ ਕਰਨ।
ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਛੋਟੀ ਉਮਰੇ ਅਮਰੀਕਾ ਪਾਇਲਟ ਬਣਨ ਗਏ ਸੀ ਤੇ ਉਥੇ ਜਾ ਕੇ ਆਜ਼ਾਦੀ ਦਾ ਸੰਘਰਸ਼ ਵਿੱਚ ਸ਼ਾਮਲ ਹੋ ਗਏ।
ਮਾਨ ਨੇ ਆਜ਼ਾਦੀ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਵੀ ਕੀਤੀ। ਵਿਰੋਧੀ ਧਿਰ ਕਾਂਗਰਸ ‘ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾਂ ਦੱਸਿਆ ਕਿ ਆਮ ਤੌਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਐਵਾਰਡ ਲਈ ਸਿਫਾਰਸ਼ ਕਰਦਾ ਹੈ ਪਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਖੁੱਦ ਨੂੰ ਇਹ ਐਵਾਰਡ ਦਿਵਾਇਆ।
ਮਾਨ ਨੇ ਇਹ ਵੀ ਸਵਾਲ ਕੀਤਾ ਕਿ ਦੇਸ਼ ਦੇ ਹਵਾਈ ਅੱਡਿਆਂ ਦੇ ਨਾਮ ਸ਼ਹੀਦਾਂ ਦੇ ਨਾਮ ਰੱਖੇ ਜਾ ਸਕਦੇ ਹਨ ਤਾਂ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਸਕਦਾ? ਹਜਾਰਾਂ ਲੋਕ ਕਰਤਾਰ ਸਿੰਘ ਸਰਾਭਾ ਦੀਆਂ ਲਿਖੀਆਂ ਸਤਰਾਂ ਪੜਦੇ ਹਨ।ਮਾਨ ਨੇ ਦਰਸ਼ਕ ਗੈਲੇਰੀ ਵਿੱਚ ਬੱਚਿਆਂ ਨੂੰ ਲਿਆਏ ਜਾਣ ਦੀ ਗੱਲ ਵੀ ਆਖੀ ਤੇ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਗਿਆਨ ਮਿਲਦਾ ਹੈ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੇ ਕਹੇ ਸ਼ਬਦਾਂ ਨਾਲ ਸਹਿਮਤੀ ਜਤਾਉਦੇ ਹੋਏ ਮਾਨ ਨੇ ਕਿਹਾ ਕਿ ਬੱਚਿਆਂ ਦੀ ਜਾਣਕਾਰੀ ਰਾਜਨੀਤੀ ਬਾਰੇ ਵਧਾਉਣਾ ਬਹੁਤ ਜਰੂਰੀ ਹੈ। ਵਿਰੋਧੀ ਧਿਰ ਦੀ ਕਾਰਵਾਈ ਵੀ ਇਹ ਬੱਚੇ ਦੇਖ ਰਹੇ ਹਨ,ਸੋ ਉਹ ਇਹ ਸਿਖਣਗੇ ਕਿ ਆਪਣੀ ਕਲਾਸ ਨੂੰ ਛੱਡ ਕੇ ਜਾਣ ਵਾਲਿਆਂ ਦਾ ਕੀ ਬਣਦਾ ਹੈ?
ਆਪਣੇ ਸੰਬੋਧਨ ਵਿੱਚ ਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।ਜਿਸ ਤੋਂ ਬਾਅਦ ਇੰਡਿਅਨ ਏਅਰ ਫੋਰਸ ਸਟੇਸ਼ਨ ਸ਼ਹਿਰੀ ਹਵਾਬਾਜੀ ਮੰਤਰਾਲਾ ਨੂੰ ਭੇਜਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ।
ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਯਾਦ ਕਰਨ ਲਈ ਮਤਾ ਪੇਸ਼
ਅਗਲਾ ਮਤਾ ਡਾ ਇੰਦਰਬੀਰ ਸਿੰਘ ਨਿੱਝਰ ਨੇ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਨ ਲਈ ਮਤਾ ਪੇਸ਼ ਕੀਤਾ ਗਿਆ ਤੇ ਇਸ ਤੇ ਬਹਿਸ ਸ਼ੁਰੂ ਹੋਈ।
ਕੈਬਨਿਟ ਮੰਤਰੀ ਮੀਤ ਹੇਅਰ ਤੇ ਹੋਰ ਵਿਧਾਇਕਾਂ ਨੇ ਸ਼ਹੀਦਾਂ ਲਈ ਆਪਣੇ ਸ਼ਬਦ ਰੱਖੇ।
ਮੁੱਖ ਮੰਤਰੀ ਮਾਨ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਖਰੀ ਪਲਾਂ ਵਿੱਚ ਰਾਜਗੁਰੂ ਵੱਲੋਂ ਕੋਲੇ ਨਾਲ ਲਿਖੇ ਆਖਰੀ ਸ਼ਬਦਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਲਿਖਿਆ ਸੀ ਕਿ “ਹਮ ਭੀ ਜੀ ਸਕਤੇ ਥੇ ਚੁੱਪ ਰਹਿ ਕਰ,ਹਮੇਂ ਭੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ।” ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸਾਰੀ ਉਮਰ ਉਹਨਾਂ ਜਲਾਵਤਨੀ ਵਿੱਚ ਕੱਢ ਦਿੱਤੀ ਪਰ ਆਖਰੀ ਸਾਹ ਆਜ਼ਾਦ ਮੁਲਕ ਵਿੱਚ ਲਿਆ।
ਵੋਟਰ ਕਾਰਡ ਦਾ ਸ਼ਹੀਦਾਂ ਨਾਲ ਸੰਬੰਧ ਹੈ ਕਿਉਂਕਿ ਇਸ ਵਿੱਚ ਸਾਰੇ ਸ਼ਹੀਦਾਂ ਦਾ ਚਿਹਰਾ ਨਜ਼ਰ ਆਉਂਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਖੂਨ ਦੇ ਕੇ ਲੈ ਕੇ ਦਿੱਤਾ ਹੈ।ਵੋਟ ਪਾਈ ਜਾਣੀ ਚਾਹੀਦੀ ਹੈ ਪਰ ਘਟੋ ਘੱਟ ਵੋਟ ਤਾਂ ਆਪਣੀ ਮਰਜ਼ੀ ਨਾਲ ਪਾਣੀਆਂ ਚਾਹੀਦੀਆਂ ਹਨ।
ਮਾਨ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਵੇਲੇ ਇਹ ਯਾਦ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਮੁਲਕ ਆਜ਼ਾਦ ਕਰਵਾਇਆ ਹੈ। ਭਗਤ ਸਿੰਘ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਘਰੋਂ ਭੱਜ ਕੇ ਕਾਨਪੁਰ ਆਉਣ ਤੇ ਉਹਨਾਂ ਦੀ ਮੁਲਾਕਾਤ ਚੰਦਰਸ਼ੇਖਰ ਆਜ਼ਾਦ ਤੇ ਹੋਰ ਕ੍ਰਾਂਤੀਕਾਰੀਆਂ ਨਾਲ ਹੋਈ।
ਮਾਨ ਨੇ ਇੱਕ ਐਲਾਨ ਕਰਦਿਆਂ ਕਿਹਾ ਹੈ ਕਿ ਮਿਊਜੀਅਮ ਤੋਂ ਲੈ ਕੇ ਘਰ ਤੱਕ ਆਲੇ ਦੁਆਲੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਚਿੱਤਰ ਲਗਾਏ ਜਾਣਗੇ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹਨਾਂ ਦੇ ਜੀਵਨ ਨਾਲ ਸੰਬੰਧਤ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾਣਗੀਆਂ। ਮਿਊਜ਼ੀਅਮ ਵਿੱਚ 5D ਗੈਲਰੀ ਬਣਾਈ ਜਾਵੇਗੀ ਤੇ 50 ਦੇ ਕਰੀਬ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਵਿੱਚ ਭਗਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਦਾ ਵਿਰਤਾਂਤ ਪੇਸ਼ ਕੀਤਾ ਜਾਵੇਗਾ।
ਆਪਣੇ ਸੰਬੋਧਨ ਵਿੱਚ ਸੈਸ਼ਨ ਵਿੱਚ ਭਾਗ ਲੈਣ ਵਾਲੇ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਧੰਨਵਾਦ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦਾ ਵੀ ਜ਼ਿਕਰ ਕੀਤਾ। ਮਾਨ ਨੇ ਵੱਚਨਬਧਤਾ ਦੁਹਰਾਈ ਕਿ ਪੰਜਾਬ ਦੀ ਸ਼ਾਂਤੀ ਨੂੰ ਕਿਸੇ ਵੀ ਕੀਮਤ ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਨੂੰ ਬਰਕਰਾਰ ਰੱਖਣ ਲਈ ਹਰ ਕਦਮ ਚੁੱਕਿਆ ਜਾਵੇਗਾ।
ਵਿਧਾਇਕ ਸੁਖਵਿੰਦਰ ਸਿੰਘ ਨੇ ਇਸ ਦੌਰਾਨ ਮਿਊਜੀਅਮ ਵਿੱਚ ਦਰਪੇਸ਼ ਆਉਂਦੀਆਂ ਕਈ ਮੁਸ਼ਕਿਲਾਂ ਤੇ ਕਮੀਆਂ ਦਾ ਜ਼ਿਕਰ ਕੀਤਾ। ਜਿਸ ਨੂੰ ਮੁੱਖ ਮੰਤਰੀ ਮਾਨ ਨੇ ਹਲ ਕਰਨ ਦਾ ਭਰੋਸਾ ਦਿੱਤਾ ਹੈ।
ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੇ ਪ੍ਰੌਜੈਕਟਾਂ ਤੇ ਲਾਏ ਸੈਸ ਸੰਬੰਧੀ ਮਤਾ ਕੈਬਨਿਟ ਮੰਤਰੀ ਮੀਤ ਹੇਅਰ ਨੇ ਕੀਤਾ ਪੇਸ਼
ਇਸ ਤੋਂ ਬਾਅਦ ਕੈਬਨਿਟ ਮੰਤਰੀ ਮੀਤ ਹੇਅਰ ਨੇ ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੇ ਪ੍ਰੌਜੈਕਟਾਂ ਤੇ ਲਾਏ ਸੈਸ ਸੰਬੰਧੀ ਮਤਾ ਪੇਸ਼ ਕੀਤਾ ਹੈ ਤੇ ਵਿਰੋਧੀ ਧਿਰ ਤੇ ਇਲਜ਼ਾਮ ਲਗਾਇਆ ਕਿ ਹੁਣ ਇਸ ਸੰਬੰਧੀ ਜਵਾਬ ਦੇਣ ਤੋਂ ਪਹਿਲਾਂ ਹੀ ਸਦਨ ਤੋਂ ਬਾਹਰ ਚਲੇ ਗਏ ਹਨ।
ਆਪਣੇ ਆਪ ਨੂੰ ਤਜ਼ਰਬੇਕਾਰ ਕਹਿਣ ਵਾਲਿਆਂ ਨੇ ਕਦੇ ਵੀ ਪੰਜਾਬ ਦਾ ਸਹੀ ਪੱਖ ਕਦੇ ਵੀ ਸੁਪਰੀਮ ਕੋਰਟ ਵਿੱਚ ਪੇਸ਼ ਨਹੀਂ ਕੀਤਾ,ਜਿਸ ਕਾਰਨ ਪੰਜਾਬ ਦੇ ਪੱਖ ਵਿੱਚ ਫੈਸਲੇ ਨਹੀਂ ਆਏ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਪਾਣੀਆਂ ਦੀ ਹੋਰ ਨਾਜਾਇਜ਼ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ । ਇਸ ਤਰਾਂ ਦਾ ਕੋਈ ਵੀ ਕਾਨੂੰਨ ਨਹੀਂ ਹੈ ਕਿ ਕਿਸੇ ਵੀ ਰਾਜ ਦੇ ਪ੍ਰੌਜੈਕਟ ਤੇ ਇਸ ਤਰਾਂ ਦਾ ਸੈਸ ਕਿਸੇ ਵੀ ਸੂਬੇ ਤੇ ਲਾਇਆ ਜਾਵੇ।
ਪੰਜਾਬ ਇੱਕ ਪੈਸਾ ਵੀ ਨਹੀਂ ਦੇਵੇਗਾ,ਜਿਸ ਦੀ ਉਸ ਤੋਂ ਗੁਆਂਢੀ ਸੂਬਾ ਮੰਗ ਕਰ ਰਿਹਾ ਹੈ। ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੀ ਹੱਕ ਹੈ ਨਾ ਕਿ ਹੋਰ ਕਿਸੇ ਦਾ।ਮੀਤ ਹੇਅਰ ਨੇ ਪਿਛਲੀਆਂ ਸਰਕਾਰਾਂ ਤੇ ਵਰਦੇ ਹੋਏ ਕਿਹਾ ਕਿ ਇਹਨਾਂ ਨੇ ਹਮੇਸ਼ਾ ਪੰਜਾਬ ਵਿਰੋਧੀ ਰੁਖ ਰੱਖਿਆ ਹੈ ਤੇ ਕੇਂਦਰ ਨਾਲ ਰੱਲ ਕੇ ਪੰਜਾਬ ਦੇ ਹੱਕਾਂ ਤੇ ਕੁਹਾੜਾ ਮਾਰਿਆ ਹੈ। ਸੋ ਪੰਜਾਬ ਸਰਕਾਰ ਹਿਮਾਚਲ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦੀ ਹੈ ਤੇ ਇਸ ਨੂੰ ਮੰਨਣ ਤੋਂ ਮਨਾ ਕਰਦੀ ਹੈ।
ਅਕਾਲੀ ਦਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਸ ਮਤੇ ਦੇ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਵਰਤ ਕੇ ਹਰੀ ਕ੍ਰਾਂਤੀ ਲਿਆਂਦੀ ਗਈ ਹੈ ਤੇ ਹੁਣ ਕਿਸੇ ਵੀ ਸੂਬੇ ਨੂੰ ਇਹ ਹੱਕ ਨਹੀਂ ਕਿ ਇਸ ਤਰਾਂ ਦੇ ਬੇਲੋੜੇ ਸੈਸ ਲਗਾਏ ਜਾਣ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਨਾਲ ਜੁੜੇ ਹਰ ਮੁਦੇ ਤੇ ਅਕਾਲੀ ਦਲ ਸਹਿਯੋਗ ਕਰੇਗਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਸ੍ਰੋਤਾਂ ਨੂੰ ਰੱਜ ਕੇ ਲੁੱਟਿਆ ਹੈ ਤੇ ਹਿਮਾਚਲ ਸਰਕਾਰ ਵੀ ਇਹੀ ਕਰ ਰਹੀ ਹੈ।ਜਿਸ ਨਾਲ ਪੰਜਾਬ ਤੇ ਵਿੱਤੀ ਬੋਝ ਪਵੇਗਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਸ੍ਰੋਤਾਂ ਨੂੰ ਰੱਜ ਕੇ ਲੁੱਟਿਆ ਹੈ ਤੇ ਹਿਮਾਚਲ ਸਰਕਾਰ ਵੀ ਇਹੀ ਕਰ ਰਹੀ ਹੈ।ਜਿਸ ਨਾਲ ਪੰਜਾਬ ਤੇ ਵਿੱਤੀ ਬੋਝ ਪਵੇਗਾ।
ਇਹ ਸਾਰੇ 40 ਸਾਲ ਪਹਿਲਾਂ ਦੇ ਬੀਜੇ ਹੋਏ ਕੰਢੇ ਹਨ,ਜਿਸ ਬਾਰੇ ਸੁਆਲ ਕਰਨਾ ਬਣਦਾ ਹੈ ਪਰ ਇਹ ਸਦਨ ਵਿੱਚ ਰਹਿੰਦੇ ਹੀ ਨਹੀਂ। ਅਮਨ ਅਰੋੜਾ ਨੇ ਵਿਰੋਧੀ ਧਿਰ ਨੂੰ ਐਸਵਾਈਐਲ ਮੁੱਦੇ ਤੇ ਸਲਾਹਾਂ ਦੇਣ ਬਦਲੇ ਹੁਣ ਹਿਮਾਚਲ ਦੀ ਕਾਂਗਰਸ ਸਰਕਾਰ ਨਾਲ ਇਸ ਬਾਰੇ ਗੱਲ ਕਰਨ ਦੀ ਸਲਾਹ ਦਿੱਤੀ ਹੈ ।
ਹੋਰ ਵਿਧਾਇਕਾਂ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਵਿਚਾਰ ਪੇਸ਼ ਕਰਨ ਮਗਰੋਂ ਇਹ ਮਤਾ ਵੀ ਪਾਸ ਹੋ ਗਿਆ ।