India

5 ਦਿਨਾਂ ‘ਚ ਸਿਰਫ 97 ਮਿੰਟ ਚੱਲੀ ਸੰਸਦ, ਦੇਸ਼ ਦੇ ਖਜ਼ਾਨੇ ਦਾ 50 ਕਰੋੜ ਹੋਇਆ ਸੁਆਹ…

ਦਿੱਲੀ : ਕੇਂਦਰ ਸਰਕਾਰ ਦੇ ਚੱਲ ਰਹੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਨੂੰ ਹੁਣ ਸੋਮਵਾਰ ਯਾਨੀ 20 ਮਾਰਚ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਨਅਤਕਾਰ ਗੌਤਮ ਅਡਾਨੀ ਅਤੇ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਸੰਸਦ ਵਿੱਚ ਕਾਫੀ ਹੰਗਾਮਾ ਮਚਿਆ ਸੀ ਤੇ ਪੰਜਵੇਂ ਦਿਨ ਵੀ ਕੰਮਕਾਜ ਨਹੀਂ ਹੋ ਸਕਿਆ। ਸੰਸਦ ਦੀ ਕਾਰਵਾਈ ਠੱਪ ਹੋਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਗਾਂਧੀ ਬੁੱਤ ਨੇੜੇ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਕਾਂਗਰਸ ਨੇ ਮੋਦੀ ਸਰਕਾਰ  ‘ਤੇ ਸਦਨ ਨੂੰ  ਨਾ ਚੱਲਣ ਦੇਣ ਦੇ ਇਲਜ਼ਾਮ ਲਗਾਏ ਹਨ ਤੇ ਕਿਹਾ ਹੈ ਕਿ ਸਰਕਾਰ ਅਡਾਨੀ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਇਸੇ ਲਈ ਉਹ  ਸਦਨ ​​’ਚ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ‘ਤੇ ਜ਼ੋਰ ਦੇ ਰਹੀ ਹੈ। ਇਸ ਮਹੀਨੇ  13 ਮਾਰਚ ਨੂੰ ਸ਼ੁਰੂ ਹੋਏ ਬਜਟ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਇਕ ਦਿਨ ਵੀ ਮੁਕੰਮਲ ਨਹੀਂ ਹੋ ਸਕੀ। ਸੰਸਦ ਦੇ ਇਸ ਪੜਾਅ ‘ਚ 35 ਬਿੱਲ ਪੈਂਡਿੰਗ ਹਨ।

ਸੰਨ 2008 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸੱਤਾਧਾਰੀ ਪਾਰਟੀਆਂ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਮੁਲਤਵੀ ਕਰਨੀ ਪਈ ਹੈ। 2008 ਵਿੱਚ ਸੱਤਾ ਵਿੱਚ ਸ਼ਾਮਲ ਖੱਬੀਆਂ ਪਾਰਟੀਆਂ ਨੇ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਸੀ। ਬਾਅਦ ਵਿੱਚ ਸਰਕਾਰ ਨੂੰ ਸਦਨ ਵਿੱਚ ਭਰੋਸੇ ਦਾ ਵੋਟ ਹਾਸਲ ਕਰਨਾ ਪਿਆ। ਸਪਾ ਨੇ ਉਸ ਸਮੇਂ ਮਨਮੋਹਨ ਸਰਕਾਰ ਨੂੰ ਬਾਹਰੋਂ ਸਮਰਥਨ ਦੇ ਕੇ ਬਚਾਇਆ ਸੀ।

ਕਾਰਵਾਈ ਮੁਲਤਵੀ ਕਰਨ ਤੋਂ ਪਹਿਲਾਂ ਓਮ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਸਦਨ ਚੱਲਣ ਦੇਣ ਦੀ ਅਪੀਲ ਕੀਤੀ ਪਰ ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ‘ਰਾਹੁਲ ਕੋ ਬੋਲਨੇ ਦੋ’ ਦੇ ਨਾਅਰੇ ਲਗਾਉਂਦੇ ਹੋਏ ਵੈੱਲ ‘ਤੇ ਆ ਗਏ, ਜਿਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰਾਂ ਨੇ ਵੀ ‘ਰਾਹੁਲ ਸ਼ਰਮ ਕਰੋ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਸਦਨ ਵਿੱਚ ਹੰਗਾਮਾ ਦੇਖ ਕੇ ਲੋਕ ਸਭਾ ਸਪੀਕਰ ਨੇ ਕਾਰਵਾਈ ਠੱਪ ਕਰ ਦਿੱਤੀ। ਸਪੀਕਰ ਨੇ ਨਾਅਰੇਬਾਜ਼ੀ ਨਾ ਕਰਨ ਦੀ ਮੁੜ ਅਪੀਲ ਕੀਤੀ ਗਈ ਪਰ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 13 ਮਾਰਚ ਤੋਂ 17 ਮਾਰਚ ਤੱਕ ਲੋਕ ਸਭਾ ਦੀ ਕਾਰਵਾਈ ਸਿਰਫ਼ 42 ਮਿੰਟ ਹੀ ਚੱਲ ਸਕੀ ਹੈ। ਲੋਕ ਸਭਾ ਟੀ.ਵੀ. ਤੋਂ ਮਿਲੇ ਖੋਜ ਅੰਕੜਿਆਂ ਅਨੁਸਾਰ 13 ਮਾਰਚ ਨੂੰ 9 ਮਿੰਟ, 14 ਮਾਰਚ ਨੂੰ 4 ਮਿੰਟ, 15 ਮਾਰਚ ਨੂੰ 4 ਮਿੰਟ, 16 ਮਾਰਚ ਨੂੰ 3.30 ਮਿੰਟ ਅਤੇ 17 ਮਾਰਚ ਨੂੰ ਸਿਰਫ 22 ਮਿੰਟ ‘ਤੇ ਹੀ ਕਾਰਵਾਈ ਹੋਈ। ਇਸ ਦੌਰਾਨ ਸਦਨ ਵਿੱਚ ਨਾ ਤਾਂ ਕਿਸੇ ਬਿੱਲ ’ਤੇ ਚਰਚਾ ਹੋ ਸਕੀ ਅਤੇ ਨਾ ਹੀ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦਾ ਕੰਮ ਹੋਇਆ। ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਸਪੀਕਰ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਕਿ ਸਰਕਾਰ ਦੇ ਮੰਤਰੀ ਸਦਨ ਵਿੱਚ ਹੰਗਾਮਾ ਕਰ ਰਹੇ ਹਨ ਅਤੇ ਉਹਨਾਂ ਨੂੰ  ਬੋਲਣ ਨਹੀਂ ਦਿੱਤਾ ਜਾ ਰਿਹਾ।

ਪਿਛਲੇ 5 ਦਿਨਾਂ ‘ਚ ਰਾਜ ਸਭਾ ਦੀ ਕਾਰਵਾਈ 55 ਮਿੰਟ ਤੱਕ ਚੱਲੀ। ਜੇਕਰ ਕਾਰਵਾਈ ਨੂੰ ਰੋਜ਼ਾਨਾ ਦੇਖਿਆ ਜਾਵੇ ਤਾਂ ਔਸਤਨ 11 ਮਿੰਟ. 13 ਮਾਰਚ ਨੂੰ ਸੰਸਦ ਦੀ ਕਾਰਵਾਈ ਵੱਧ ਤੋਂ ਵੱਧ 21 ਮਿੰਟ ਤੱਕ ਚੱਲੀ। ਇਸ ਦੌਰਾਨ ਸਦਨ ਦੇ ਨੇਤਾ ਪਿਊਸ਼ ਗੋਇਲ ਅਤੇ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਆਪਣੀ ਗੱਲ ਰੱਖੀ।

ਖੜਗੇ ਨਾਟੂ-ਨਟੂ ਗੀਤ ਲਈ ਆਸਕਰ ਐਵਾਰਡ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਤਾਅਨੇ ਮਾਰਦੇ ਨਜ਼ਰ ਆਏ ਪਰ ਜੇਪੀਸੀ ਦੀ ਮੰਗ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਪਿਊਸ਼ ਗੋਇਲ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ਦੀ ਗੱਲ ਕਰਨ ਲੱਗੇ, ਜਿਸ ਕਾਰਨ ਵਿਰੋਧੀ ਧਿਰ ਦੇ ਨੇਤਾ ਬਚਾਅ ਕਰਨ ਲਈ  ਆ ਗਏ। ਹੰਗਾਮਾ ਹੁੰਦਾ ਦੇਖ ਕੇ ਚੇਅਰਮੈਨ ਨੇ ਕਾਰਵਾਈ ਮੁਲਤਵੀ ਕਰ ਦਿੱਤੀ।

ਜ਼ਿਕਰਯੋਗ ਹੈ ਕਿ  ਸੰਸਦ ਦੀ ਕਾਰਵਾਈ ਆਮ ਤੌਰ ‘ਤੇ ਹਫ਼ਤੇ ਵਿਚ 5 ਦਿਨ ਤੇ ਹਰ ਰੋਜ਼ 7 ਘੰਟੇ ਚੱਲਣ ਦੀ ਪਰੰਪਰਾ ਹੈ।  ਸੰਸਦ ‘ਚ ਇਕ ਘੰਟੇ ਦਾ ਖਰਚ ਡੇਢ ਕਰੋੜ ਰੁਪਏ ਹੈ। ਜੇਕਰ ਰੋਜ਼ਾਨਾ ਦੇ ਆਧਾਰ ‘ਤੇ ਜੋੜਿਆ ਜਾਵੇ ਤਾਂ ਇਹ ਖਰਚ 10 ਕਰੋੜ ਰੁਪਏ ਤੋਂ ਵੱਧ ਹੋ ਜਾਂਦਾ ਹੈ। ਸੰਸਦ ਵਿੱਚ ਇੱਕ ਮਿੰਟ ਦੀ ਕਾਰਵਾਈ ਦਾ ਖਰਚਾ 2.5 ਲੱਖ ਰੁਪਏ ਹੈ।

ਸੰਸਦ ਦੀ ਕਾਰਵਾਈ ਦੌਰਾਨ ਸਭ ਤੋਂ ਵੱਧ ਖਰਚ ਸੰਸਦ ਮੈਂਬਰਾਂ ਦੀ ਤਨਖਾਹ, ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਭੱਤਿਆਂ, ਸਕੱਤਰੇਤ ਅਤੇ ਸੰਸਦ ਸਕੱਤਰੇਤ ਦੇ ਕਰਮਚਾਰੀਆਂ ਦੀਆਂ ਤਨਖਾਹਾਂ ‘ਤੇ ਕੀਤਾ ਜਾਂਦਾ ਹੈ। ਰਿਪੋਰਟ ਮੁਤਾਬਕ ਇਨ੍ਹਾਂ ਚੀਜ਼ਾਂ ‘ਤੇ ਹਰ ਮਿੰਟ 1.60 ਲੱਖ ਰੁਪਏ ਖਰਚ ਕੀਤੇ ਜਾਂਦੇ ਹਨ।

ਇਸ ਤੋਂ ਪਹਿਲਾਂ ਦਸੰਬਰ ਵਿੱਚ ਸੰਸਦ ਦਾ ਸਰਦ ਰੁੱਤ ਇਜਲਾਸ ਵੀ ਹੰਗਾਮੇ ਨਾਲ ਪ੍ਰਭਾਵਿਤ ਹੋਇਆ ਸੀ। ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਦੀ ਪੈਗਾਸਸ ‘ਤੇ ਰਿਪੋਰਟ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਦਨ ‘ਚ ਹੰਗਾਮਾ ਕੀਤਾ।ਹਾਲਾਤ ਇਹ ਬਣ ਗਏ ਹਨ ਕਿ ਸਰਕਾਰ ਨੇ ਕਈ ਬਿੱਲ ਬਿਨਾਂ ਚਰਚਾ ਦੇ ਸਦਨ ਤੋਂ ਪਾਸ ਕਰਵਾ ਦਿੱਤੇ। ਵਿਰੋਧੀ ਧਿਰ ਦੇ ਹੰਗਾਮੇ ਦੇ ਮੱਦੇਨਜ਼ਰ ਸੈਸ਼ਨ ਨੂੰ ਸਮੇਂ ਤੋਂ 7 ਦਿਨ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ। ਹੰਗਾਮੇ ਕਾਰਨ 2022 ਦਾ ਮਾਨਸੂਨ ਸੈਸ਼ਨ ਵੀ ਮੁਲਤਵੀ ਕਰ ਦਿੱਤਾ ਗਿਆ ਸੀ।